ਚੰਡੀਗੜ੍ਹ-ਮਿਰਜ਼ਾਪੁਰ ਸੀ. ਟੀ. ਯੂ. ਬੱਸ ਰੂਟ ਦੀ ਜ਼ਮੀਨੀ ਹਕੀਕਤ ਨੇ ਸਾਬਿਤ ਕੀਤੀ ਮਜ਼ਬੂਤ ਜਨ-ਮੰਗ-ਵਿਨੀਤ ਜੋਸ਼ੀ
ਮਾਜਰੀ, 2 ਅਗਸਤ (ਕੁਲਵੰਤ ਸਿੰਘ ਧੀਮਾਨ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਪ੍ਰਸਤਾਵਿਤ ਸੀ. ਟੀ.
ਮਾਜਰੀ, 2 ਅਗਸਤ (ਕੁਲਵੰਤ ਸਿੰਘ ਧੀਮਾਨ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਪ੍ਰਸਤਾਵਿਤ ਸੀ. ਟੀ. ਯੂ. ਚੰਡੀਗੜ੍ਹ ਬੱਸ ਸਟੈਂਡ–ਮਿਰਜ਼ਾਪੁਰ ਬੱਸ ਰੂਟ ਦੀ ਵਿਹਾਰਕਤਾ ’ਤੇ ਉਠੇ ਸਵਾਲਾਂ ਤੋਂ ਬਾਅਦ ਅੱਜ ਪੂਰੇ ਰੂਟ ਦਾ ਵਿਸਤ੍ਰਿਤ ਜ਼ਮੀਨੀ ਸਰਵੇ ਕੀਤਾ। ਇਸ ਸਰਵੇ ਦੌਰਾਨ ਉਨ੍ਹਾਂ ਨੇ ਪਲਣਪੁਰ, ਦੁੱਲੂਆਂ, ਖਦਰੀ, ਅਭੀਪੁਰ, ਗੋਚਰ ਅਤੇ ਮਿਰਜ਼ਾਪੁਰ ਪਿੰਡਾਂ ਦਾ ਦੌਰਾ ਕਰਕੇ ਸਥਾਨਕ ਜਨ-ਪ੍ਰਤੀਨਿਧੀਆਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਸਰਪੰਚਾਂ, ਪੰਚਾਂ, ਸਾਬਕਾ ਸਰਪੰਚਾਂ, ਸਾਬਕਾ ਪੰਚਾਂ, ਨੰਬਰਦਾਰਾਂ, ਵਿਦਿਆਰਥੀਆਂ, ਕਰਮਚਾਰੀਆਂ, ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਆਵਾਜਾਈ ਸੰਬੰਧੀ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਜ਼ਿਆਦਾਤਰ ਲੋਕਾਂ ਨੇ ਦੱਸਿਆ ਕਿ ਇਸ ਖੇਤਰ ’ਚ ਲੰਬੇ ਸਮੇਂ ਤੋਂ ਭਰੋਸੇਯੋਗ ਅਤੇ ਨਿਯਮਿਤ ਜਨਤਕ ਆਵਾਜਾਈ ਦੀ ਘਾਟ ਹੈ, ਜਿਸ ਕਾਰਨ ਚੰਡੀਗੜ੍ਹ ਵਿਖੇ ਸਿੱਖਿਆ, ਰੁਜ਼ਗਾਰ, ਸਿਹਤ ਸੇਵਾਵਾਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਆਉਣ-ਜਾਣ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਰਵੇ ਤੋਂ ਬਾਅਦ ਗੋਚਰ ਗਊਸ਼ਾਲਾ ਵਿਖੇ ਪ੍ਰਸਤਾਵਿਤ ਰੂਟ ਨਾਲ ਸੰਬੰਧਿਤ ਪਿੰਡਾਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਹੋਈ, ਜਿਸ ’ਚ ਸਾਰਿਆਂ ਨੇ ਇਕ ਸੁਰ ’ਚ ਸੀ. ਟੀ. ਯੂ. ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਦਾ ਸਮਰਥਨ ਕੀਤਾ। ਇਸ ਦੌਰਾਨ ਜੋਸ਼ੀ ਨੇ ਕਿਹਾ ਕਿ ਜ਼ਮੀਨੀ ਸਰਵੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਰੂਟ ’ਤੇ ਯਾਤਰੀਆਂ ਵਲੋਂ ਬੱਸ ਦੀ ਬਹੁਤ ਮੰਗ ਹੈ। ਇਸ ਦੌਰਾਨ ਉਨ੍ਹਾਂ ਸੀ. ਟੀ. ਯੂ. ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਚੰਡੀਗੜ੍ਹ ਬੱਸ ਸਟੈਂਡ–ਮਿਰਜ਼ਾਪੁਰ ਸੀ . ਟੀ. ਯੂ. ਬੱਸ ਸੇਵਾ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ।