ਖਰੜ ਦੇ ਵਾ. ਨੰ. 16 ਦੇ ਵਸਨੀਕ ਸੀਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਐੱਸ. ਡੀ. ਐੱਮ. ਦਫ਼ਤਰ ਪਹੁੰਚੇ
ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰੋਗਰਾਮ ’ਚ ਕਾਂਗਰਸੀਆਂ ਨੇ ਵੀ ਕੀਤੀ ਸ਼ਮੂਲੀਅਤ
ਖਰੜ, 5 ਅਗਸਤ (ਜੰਡਪੁਰੀ, ਮਾਨ)- ਪਿਛਲੇ ਕਈ ਦਿਨਾਂ ਤੋਂ ਸਥਾਨਕ ਵਾ. ਨੰ.
ਖਰੜ, 5 ਅਗਸਤ (ਜੰਡਪੁਰੀ, ਮਾਨ)- ਪਿਛਲੇ ਕਈ ਦਿਨਾਂ ਤੋਂ ਸਥਾਨਕ ਵਾ. ਨੰ. 16 ‘ਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਵਾਰਡ ਵਾਸੀ ਸੀਵਰੇਜ ਦਾ ਗੰਦਾ ਪਾਣੀ ਠੁੱਠੀਆਂ ‘ਚ ਭਰ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਐੱਸ. ਡੀ. ਐੱਮ. ਦਫ਼ਤਰ ਖਰੜ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨਗਰ ਕੌਂਸਲ ਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਖਾਸ ਗੱਲ ਇਹ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਇਕ ਪ੍ਰੋਗਰਾਮ ‘ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਅਤੇ ਪੀ. ਪੀ. ਸੀ. ਸੀ. ਮੈਂਬਰ ਸਵਰਨਜੀਤ ਕੌਰ ਨੇ ਵੀ ਸ਼ਮੂਲੀਅਤ ਕਰਦਿਆਂ ਨਾਅਰੇਬਾਜ਼ੀ ਕਰਕੇ ਆਪਣੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਵਾ. ਨੰ. 16 ਦੀ ਵਸਨੀਕ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸੜਕਾਂ, ਗਲੀਆਂ ਅਤੇ ਖਾਲੀ ਪਲਾਟਾਂ ‘ਚ ਜਮ੍ਹਾਂ ਹੋਣ ਵਾਲੇ ਗੰਦੇ ਪਾਣੀ ਕਾਰਨ ਡਾਹਢੇ ਪ੍ਰੇਸ਼ਾਨ ਹਲ। ਉਨ੍ਹਾਂ ਕਿਹਾ ਕਿ ਅੱਜ ਵਾਰਡ ਵਾਸੀ ਠੁੱਠੀਆਂ ‘ਚ ਸੀਵਰੇਜ ਦਾ ਗੰਦਾ ਪਾਣੀ ਭਰ ਕੇ ਇਸ ਲਈ ਲੈ ਕੇ ਆਏ ਹਨ ਤਾਂ ਜੋ ਨਗਰ ਕੌਂਸਲ, ਪ੍ਰਸ਼ਾਸਨ ਤੇ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਵੀਰਵਾਰ ਨੂੰ 4 ਵਜੇ ਆਉਣ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 4 ਵਜੇ ਦੇ ਕਰੀਬ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਸਲੇ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ ਸੜਕ ਜਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸੇ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ 31 ਅਗਸਤ ਤੱਕ ਐਸ. ਟੀ. ਪੀ. ਬਣ ਕੇ ਮੁਕੰਮਲ ਹੋ ਜਾਵੇਗਾ, ਜਿਸ ਤੋਂ ਬਾਅਦ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਹੋ ਜਾਵੇਗੀ। ਇਸੇ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਅਤੇ ਪੀ. ਪੀ. ਸੀ. ਮੈਂਬਰ ਸਵਰਨਜੀਤ ਕੌਰ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆ ਦੇ ਹੱਲ ਲਈ ਹੀ ਉਨ੍ਹਾਂ ਵਲੋਂ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋ ਕੇ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਇਸ ਮੌਕੇ ਤਰਲੋਚਨ ਸਿੰਘ ਕਾਨੂੰਨਗੋ, ਬਲਵਿੰਦਰ ਸਿੰਘ ਪਟਵਾਰੀ ਬਲਾਕ ਪ੍ਰਧਾਨ, ਸਾਬਕਾ ਕੌਂਸਲਰ ਮਾਨ ਸਿੰਘ ਤੇ ਹੋਰ ਹਾਜ਼ਰ ਸਨ।