ਹਰਿਆਣਾ ਸਕੂਲ ਸਿੱਖਿਆ ਵਿਭਾਗ ਦੀ ‘ਸਪ੍ਰਿੰਟ 2.0’ ਯੋਜਨਾ ਦਾ ਬੀ. ਬੀ. ਭਾਰਤੀ ਨੇ ਕੀਤਾ ਉਦਘਾਟਨ
ਪੰਚਕੂਲਾ, 5 ਅਗਸਤ (ਕਪਿਲ)-ਹਰਿਆਣਾ ਸਕੂਲ ਸਿੱਖਿਆ ਵਿਭਾਗ ਦੀ ਮਹੱਤਵਾਕਾਂਕਸ਼ੀ ‘ਸਪ੍ਰਿੰਟ 2. 0’ ਯੋਜਨਾ ਦਾ ਸਥਾਨਕ ਸੈਕਟਰ-3 ਸਥਿਤ ਤਾਊ ਦੇਵੀ ਲਾਲ ਖੇਡ ਕੰਪਲੈਕਸ ਤੋਂ ਮੁੱਖ ਮੰਤਰੀ ਦੇ ਓ.
ਪੰਚਕੂਲਾ, 5 ਅਗਸਤ (ਕਪਿਲ)-ਹਰਿਆਣਾ ਸਕੂਲ ਸਿੱਖਿਆ ਵਿਭਾਗ ਦੀ ਮਹੱਤਵਾਕਾਂਕਸ਼ੀ ‘ਸਪ੍ਰਿੰਟ 2.0’ ਯੋਜਨਾ ਦਾ ਸਥਾਨਕ ਸੈਕਟਰ-3 ਸਥਿਤ ਤਾਊ ਦੇਵੀ ਲਾਲ ਖੇਡ ਕੰਪਲੈਕਸ ਤੋਂ ਮੁੱਖ ਮੰਤਰੀ ਦੇ ਓ. ਐਸ. ਡੀ. ਬੀ. ਬੀ. ਭਾਰਤੀ ਨੇ ਦੀਵਾ ਜਗਾ ਕੇ ਉਦਘਾਟਨ ਕੀਤਾ। ਸਮੱਗਰ ਸਿੱਖਿਆ, ਹਰਿਆਣਾ ਸਕੂਲ ਸਿੱਖਿਆ ਪ੍ਰਾਜੈਕਟ ਵਲੋਂ ਕਰਵਾਏ ਜਾ ਰਹੇ ਇਸ ਪਹਿਲੇ ਸਪੋਰਟਸ ਅਥਾਰਟੀ ਆਫ਼ ਇੰਡੀਆ ਰਿਹਾਇਸ਼ੀ ਸਿਖਲਾਈ ਕੈਂਪ ’ਚ ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚੋਂ ਚੁਣੇ ਗਏ 85 ਖਿਡਾਰੀ 8 ਅਗਸਤ ਤੱਕ ਵਿਸ਼ੇਸ਼ ਸਿਖਲਾਈ ਹਾਸਿਲ ਕਰਨਗੇ। ਇਸ ਮੌਕੇ ਮੁੱਖ ਮੰਤਰੀ ਦੇ ਓ. ਐਸ. ਡੀ. ਨੇ ਕਿਹਾ ਕਿ ‘ਸਪ੍ਰਿੰਟ 2.0’ ਦੀ ਸ਼ੁਰੂਆਤ ਦੇਸ਼ ’ਚ ਸਭ ਤੋਂ ਪਹਿਲਾਂ ਹਰਿਆਣਾ ਦੇ ਪੰਚਕੂਲਾ ਤੋਂ ਹੋਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਸੁਝਾਵਾਂ ਨੂੰ ਧਿਆਨ ’ਚ ਰੱਖ ਕੇ ਇਹ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਨੂੰ ਹਰਿਆਣਾ ਸਿੱਖਿਆ ਵਿਭਾਗ ਨੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਲਾਗੂ ਕੀਤਾ ਹੈ। ਇਸ ਦੌਰਾਨ ਸੂਬਾ ਪ੍ਰਾਜੈਕਟ ਅਧਿਕਾਰੀ ਸਵਪਨਿਲ ਰਵਿੰਦਰ ਪਾਟਿਲ ਨੇ ਦੱਸਿਆ ਕਿ ਇਹ ਚਾਰ ਦਿਨਾਂ ਦਾ ਰਿਹਾਇਸ਼ੀ ਸਿਖਲਾਈ ਕੈਂਪ ਹੈ ਅਤੇ ਹਰਿਆਣਾ ਸਕੂਲ ਸਿੱਖਿਆ ਵਿਭਾਗ ਵਲੋਂ ਭੇਜੇ ਗਏ ਪ੍ਰਸਤਾਵ ਨੂੰ ਮਨਜ਼ੂਰੀ ਦਿੰਦਿਆਂ ਕੇਂਦਰ ਸਰਕਾਰ ਨੇ ਇਸ ਯੋਜਨਾ ਦੇ ਲਾਗੂ ਕਰਨ ਲਈ ਲਗਭਗ 3.75 ਕਰੋੜ ਰੁ. ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਦੇ ਕਰੀਬ 2300 ਸਰਕਾਰੀ ਸਕੂਲੀ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ’ਚ ਉੱਚ ਪੱਧਰੀ ਰਿਹਾਇਸ਼ੀ ਸਿਖਲਾਈ ਦਿੱਤੀ ਜਾਵੇਗੀ। ਸੰਯੁਕਤ ਰਾਜ ਪ੍ਰਾਜੈਕਟ ਡਾਇਰੈਕਟਰ ਡਾ. ਮਯੰਕ ਵਰਮਾ ਨੇ ਕਿਹਾ ਕਿ ਸਪ੍ਰਿੰਟ 2026-27 ਦਾ ਮੁੱਖ ਉਦੇਸ਼ ਸੰਤੁਲਿਤ ਪੋਸ਼ਣ ਅਤੇ ਵਿਸ਼ੇਸ਼ ਸਿਖਲਾਈ ਰਾਹੀਂ ਖਿਡਾਰੀਆਂ ਦੀ ਸਮਰੱਥਾ, ਤਾਕਤ ਅਤੇ ਸਹਿਨਸ਼ੀਲਤਾ ’ਚ ਵਾਧਾ ਕਰਨਾ ਹੈ। ਇਸ ਸਮਾਗਮ ’ਚ ਸਹਾਇਕ ਸਲਾਹਕਾਰ ਡਾ. ਸੁਧੀਰ ਸ਼ਰਮਾ, ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀ ਸੁਮਨ ਚੌਧਰੀ, ਜ਼ਿਲ੍ਹਾ ਉਪ ਸਿੱਖਿਆ ਅਧਿਕਾਰੀ ਨਰੋਤਮ ਸ਼ਰਮਾ, ਰਮੇਸ਼ ਬੱਤਰਾ, ਜ਼ਿਲ੍ਹਾ ਪ੍ਰਾਜੈਕਟ ਅਧਿਕਾਰੀ ਜੋਗਿੰਦਰ, ਡੀ. ਪੀ. ਈ. ਦਯਾਨੰਦ ਅਤੇ ਖੇਡ ਵਿਭਾਗ ਦੇ ਹੋਰ ਅਧਿਕਾਰੀ ਤੇ ਕੋਚ ਹਾਜ਼ਰ ਸਨ।