ਬੇਸਹਾਰਾ ਪਸ਼ੂਆਂ ਦੇ ਕਬਜ਼ੇ ’ਚ ਸ਼ਹਿਰ ਜ਼ੀਰਕਪੁਰ ਦੀਆਂ ਸੜਕਾਂ
ਜ਼ੀਰਕਪੁਰ, 5 ਅਗਸਤ (ਹੈਪੀ ਪੰਡਵਾਲਾ)- ਚੰਡੀਗੜ੍ਹ ਦੀ ਵੱਖੀ ‘ਚ ਵਸਿਆ ਜ਼ਿਲ੍ਹਾ ਮੁਹਾਲੀ ਦਾ ਵੱਡਾ ਸ਼ਹਿਰ ਜ਼ੀਰਕਪੁਰ ਪੰਜਾਬ ਦੇ ਨਕਸ਼ੇ ‘ਤੇ ਅਹਿਮ ਸਥਾਨ ਰੱਖਦਾ ਹੈ, ਪਰ ਯੋਜਨਾਬੰਦੀ ਪੱਖੋਂ ਇਹ ਸ਼ਹਿਰ ਅੱਜ ਵੀ ਦੋਇਮ ਹੀ ਹੈ। ਸ਼ਹਿਰ ‘ਚ ਲੱਗਦੇ ਵੱਡੇ ਟ੍ਰੈਫ਼ਿਕ ਜਾਮ ਅਤੇ ਬੇਸਹਾਰਾ ਪਸ਼ੂਆਂ ਦੇ ਜਮਾਵੜੇ ਨੇ ਇਸ ਨੂੰ ਸੂਬੇ ਭਰ ‘ਚ ਬਦਨਾਮ ਕੀਤਾ ਹੋਇਆ ਹੈ।
ਜ਼ੀਰਕਪੁਰ, 5 ਅਗਸਤ (ਹੈਪੀ ਪੰਡਵਾਲਾ)- ਚੰਡੀਗੜ੍ਹ ਦੀ ਵੱਖੀ ‘ਚ ਵਸਿਆ ਜ਼ਿਲ੍ਹਾ ਮੁਹਾਲੀ ਦਾ ਵੱਡਾ ਸ਼ਹਿਰ ਜ਼ੀਰਕਪੁਰ ਪੰਜਾਬ ਦੇ ਨਕਸ਼ੇ ‘ਤੇ ਅਹਿਮ ਸਥਾਨ ਰੱਖਦਾ ਹੈ, ਪਰ ਯੋਜਨਾਬੰਦੀ ਪੱਖੋਂ ਇਹ ਸ਼ਹਿਰ ਅੱਜ ਵੀ ਦੋਇਮ ਹੀ ਹੈ। ਸ਼ਹਿਰ ‘ਚ ਲੱਗਦੇ ਵੱਡੇ ਟ੍ਰੈਫ਼ਿਕ ਜਾਮ ਅਤੇ ਬੇਸਹਾਰਾ ਪਸ਼ੂਆਂ ਦੇ ਜਮਾਵੜੇ ਨੇ ਇਸ ਨੂੰ ਸੂਬੇ ਭਰ ‘ਚ ਬਦਨਾਮ ਕੀਤਾ ਹੋਇਆ ਹੈ। ਬੇਸਹਾਰਾ ਢੱਠਿਆਂ ਕਾਰਨ ਇਥੇ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ, ਪਰ ਨਗਰ ਕੌਂਸਲ ਨੇ ਇਸ ਪਾਸੇ ਘੇਸਲ ਵੱਟੀ ਹੋਈ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਮੱਸਿਆ ਬਾਬਤ ਸ਼ਹਿਰ ਵਾਸੀਆਂ ਨੇ ‘ਅਜੀਤ’ ਨੂੰ ਦੱਸਿਆ ਕਿ ਇਥੋਂ ਦੀਆਂ ਸੁਸਾਇਟੀਆਂ ‘ਚ ਅਵਾਰਾ ਪਸ਼ੂਆਂ ਦੀ ਭੀੜ ਲੱਗੀ ਰਹਿੰਦੀ ਹੈ। ਸਬਜ਼ੀ ਤੇ ਫ਼ਲ ਵੇਚਣ ਵਾਲਿਆਂ ਵਲੋਂ ਰਹਿੰਦ-ਖੂੰਹਦ ਸੁੱਟਣ ਕਾਰਨ ਪਸ਼ੂਆਂ ਨੇ ਪੱਕੀ ਠਾਹਰ ਬਣਾ ਲਈ ਹੈ। ਇਸ ਸੰਬੰਧ ‘ਚ ਉਹ ਕਈ ਵਾਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋਇਆ। ਨਗਰ ਕੌਂਸਲ ਕੋਲ ਸਿਰਫ਼ ਗਾਵਾਂ ਨੂੰ ਹੀ ਗਊਸ਼ਾਲਾ ‘ਚ ਭੇਜਣ ਦਾ ਪ੍ਰਬੰਧ ਹੈ, ਜਦਕਿ ਢੱਠਿਆਂ ਨੂੰ ਗਊਸ਼ਾਲਾ ਸੰਚਾਲਕ ਵੀ ਲੈਣ ਤੋਂ ਕੋਰਾ ਜਵਾਬ ਦੇ ਦਿੰਦੇ ਹਨ, ਜਿਸ ਕਾਰਨ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਹਾਦਸਿਆਂ ਦੇ ਡਰੋਂ ਸ਼ਹਿਰ ਵਾਸੀ ਡਾਹਢੇ ਚਿੰਤਤ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸ਼ਰਾਬ ਅਤੇ ਹੋਰਨਾਂ ਵਸਤੂਆਂ ਤੋਂ ਗਊ ਸੈੱਸ ਲਿਆ ਜਾਂਦਾ ਹੈ, ਪਰ ਸੈਂਕੜਿਆਂ ਦੀ ਤਾਦਾਦ ‘ਚ ਗਾਵਾਂ ਅਵਾਰਾ ਘੁੰਮ ਰਹੀਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਅਵਾਰਾ ਜਾਨਵਰਾਂ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੀ ਤਾਂ ਇਹ ਟੈਕਸ ਵੀ ਨਹੀਂ ਵਸੂਲਣਾ ਚਾਹੀਦਾ। ਲੋਕਾਂ ਨੇ ਦੋਸ਼ ਲਗਾਇਆ ਕਿ ਗਊਸ਼ਾਲਾ ‘ਚ ਵੀ ਜ਼ਿਆਦਾਤਰ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਹੀ ਤਰਜ਼ੀਹ ਦਿੱਤੀ ਜਾਂਦੀ ਹੈ। ਜੋ ਗਾਵਾਂ ਦੁੱਧ ਦੇਣ ਦੇ ਕਾਬਲ ਨਹੀਂ ਹੁੰਦੀਆਂ, ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।