ਚੰਡੀਗੜ੍ਹ ’ਚ ਲੇਖਕਾ ਕੁਲਵਿੰਦਰ ਕੌਰ ਕਿੰਦਰ ਦੀ ਕਾਵਿ ਪੁਸਤਕ ‘‘ਮੋਹ ਦੀਆਂ ਤੰਦਾਂ’’ ਹੋਈ ਲੋਕ ਅਰਪਣ
ਚੰਡੀਗੜ੍ਹ, 8 ਅਗਸਤ (ਅਜਾਇਬ ਸਿੰਘ ਔਜਲਾ) - ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਟੀ. ਐੱਸ.
ਚੰਡੀਗੜ੍ਹ, 8 ਅਗਸਤ (ਅਜਾਇਬ ਸਿੰਘ ਔਜਲਾ) - ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਆਡੀਟੋਰੀਅਮ ਸੈਕਟਰ 17 ਚੰਡੀਗੜ੍ਹ ਵਿਖੇ ਕੁਲਵਿੰਦਰ ਕੌਰ ਕਿੰਦਰ ਦੀ ਕਾਵਿ ਪੁਸਤਕ ‘ਮੋਹ ਦੀਆਂ ਤੰਦਾਂ ‘ ਲੋਕ ਅਰਪਣ ਕੀਤੀ ਗਈ । ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਮਾਰੋਹ ਦੀ ਰੂਪ-ਰੇਖਾ ਅਤੇ ਸਾਹਿਤਕ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ । ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਦਵਾਨ ਡਾ. ਜਲੌਰ ਸਿੰਘ ਖੀਵਾ ਵਲੋਂ ਕੀਤੀ ਗਈ । ਉਨ੍ਹਾਂ ਪ੍ਰਧਾਨਗੀ ਭਾਸ਼ਣ ਵਿਚ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਹਿਤ ਇਕ ਅਗੰਮੀ ਵੇਗ ਹੈ ਅਤੇ ਕਵਿਤਾ ਸਾਡੇ ਅੰਦਰ ਹੀ ਮੌਜੂਦ ਹੁੰਦੀ ਹੈ । ਪਰਚਾ ਪੜ੍ਹਦਿਆਂ ਬਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਿਤਾਬ ਦਾ ਸਿਰਲੇਖ ਕਵਿਤਾਵਾਂ ਨਾਲ ਮੇਲ ਖਾਂਦਾ ਹੈ । ਉਨ੍ਹਾਂ ਕਿਹਾ ਕਿ ਜੇ ਕਵਿਤਾ ਵਿਚੋਂ ਜਜ਼ਬਾਤ ਤੇ ਮੁਹੱਬਤ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਉਹ ਕਵਿਤਾ ਨਹੀਂ ਬਣ ਸਕਦੀ । ਗੁਰਮੇਲ ਸਿੰਘ ਮੌਜੋਵਾਲ ਨੇ ਕਿਤਾਬ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਲੇਖਕਾ ਦੀਆਂ ਕਵਿਤਾਵਾਂ ਵਿਚ ਪ੍ਰੇਮ ਰਸ ਭਾਰੂ ਹੈ ਤੇ ਨਾਲ ਇਹ ਵੀ ਕਿਹਾ ਕਿ ਜਿੰਨਾ ਅਸੀਂ ਸਾਹਿਤ ਪੜਾਂਗੇ ਉਨ੍ਹਾਂ ਹੀ ਵਧੀਆ ਲਿਖ ਸਕਾਂਗੇ ਲੇਖਕਾ ਪਰਮਜੀਤ ਕੌਰ ਪਰਮ ਨੇ ਕਿਤਾਬ ਬਾਰੇ ਚਰਚਾ ਕਰਦੇ ਹੋਏ ਆਖਿਆ ਕਿ ਕਵਿਤਾ ਇਕ ਪਿਆਰਾ ਜਿਹਾ ਅਹਿਸਾਸ ਹੈ ਜਿਸ ਵਿਚ ਮੋਹ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਕਿਹਾ ਕਿ ਸ਼ਬਦਾਂ ਨੂੰ ਕਵਿਤਾ ਦੇ ਰੂਪ ਵਿਚ ਪਰੋਣ ਵਿਚ ਲੇਖਕਾ ਨੂੰ ਮੁਹਾਰਤ ਹਾਸਲ ਹੈ। ਰਜਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਕਵਿਤਾ ਲਿਖਣਾ ਕੋਈ ਸੌਖਾ ਨਹੀਂ । ਇਸ ਨੂੰ ਲਿਖਣ ਲਈ ਜਜ਼ਬਾਤ ਅਤੇ ਹਿੰਮਤ ਦਾ ਹੋਣਾ ਬਹੁਤ ਜ਼ਰੂਰੀ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਬੋਲਦਿਆਂ ਆਖਿਆ ਕਿ ਜ਼ਿੰਦਗੀ ਵਿਚ ਸੰਪੂਰਨਤਾ ਹੋਣੀ ਲਾਜ਼ਮੀ ਹੈ ਅਤੇ ਕਿਹਾ ਕਿ ਕਵਿਤਾ ਉਹ ਹੁੰਦੀ ਹੈ ਜਿਹੜੀ ਮਨੁੱਖ ਦੇ ਮਨ ਨੂੰ ਝੰਜੋੜ ਕੇ ਰੱਖ ਦੇਵੇ । ਭਰਪੂਰ ਸਿੰਘ, ਲਾਭ ਸਿੰਘ ਲਹਿਲੀ,ਰਤਨ ਬਾਬਕਵਾਲਾ ਅਤੇ ਪਰਲਾਦ ਸਿੰਘ ਨੇ ਕਿਤਾਬ ਵਿਚੋਂ ਬਹੁਤ ਖ਼ੂਬਸੂਰਤ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ । ਹਰਭਜਨ ਕੌਰ ਢਿੱਲੋਂ ਅਤੇ ਦਵਿੰਦਰ ਕੌਰ ਢਿੱਲੋਂ ਨੇ ਗੀਤਾਂ ਰਾਹੀ ਆਪਣੀ ਹਾਜ਼ਰੀ ਲਵਾਈ ।ਲੇਖਕਾ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣੂੰ ਕਰਵਾਇਆ । ਪੁਸਤਕ ਲਿਖਣ ਤੋਂ ਲੈ ਕੇ ਛਪਵਾਉਣ ਤੱਕ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ ਨਾਲ ਨਾਲ ਆਪਣੀਆਂ ਪਸੰਦੀਦਾ ਦੀਆਂ ਕਵਿਤਾਵਾਂ ਵੀ ਸੁਣਾਈਆਂ । ਇਸ ਮੌਕੇ ’ਤੇ ਵਿਦਵਾਨ ਡਾ. ਜਲੌਰ ਸਿੰਘ ਖੀਵਾ , ਜੀ.ਐਸ ਮਾਵੀ, ਰਜਿੰਦਰ ਸਿੰਘ ਧੀਮਾਨ, ਬਲਵਿੰਦਰ ਸਿੰਘ ਢਿੱਲੋਂ, ਭਰਪੂਰ ਸਿੰਘ, ਵਿਸ਼ਾਲੀ, ਹਰਭਜਨ ਕੌਰ ਢਿੱਲੋਂ ਤੋਂ ਇਲਾਵਾ ਕਵਿੱਤਰੀ ਦਵਿੰਦਰ ਕੌਰ ਢਿੱਲੋਂ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਲੇਖਕਾਂ ਤੇ ਕਵੀਆਂ ’ਚ ਜਗਤਾਰ ਜੋਗ,ਮੰਦਰ ਗਿੱਲ ਸਾਹਬਚੰਦੀਆ,ਸੁਰਿੰਦਰ ਕੁਮਾਰ,ਚਰਨਜੀਤ ਕੌਰ ਬਾਠ,ਸੁਭਾਸ਼ ਚੰਦਰ ,ਵੈਸ਼ਾਲੀ,ਸ਼ਾਲੂ ਸ਼ੇਰਾਵਤ,ਕਰਨੈਲ ਸਿੰਘ,ਬਲਜੀਤ ਬੈਂਸ,ਬਲਜੀਤ ਕੌਰ ਬੁੱਟਰ ਢਿੱਲੋਂ,ਸੁਖਕੀਰਤ ਸਿੰਘ,ਸਰਬਜੀਤ ਸਿੰਘ ਪੱਡਾ, ਪਿਆਰਾ ਸਿੰਘ ਰਾਹੀ, ਮਲਕੀਤ ਸਿੰਘ ਨਾਗਰਾ,ਸੁਖਵਿੰਦਰ ਸਿੰਘ,ਸੁਖਜੀਤ ਸਿੰਘ ਅਤੇ ਸਵਰਨਜੀਤ ਸਿੰਘ ਜੀਤ ਆਦਿ ਸ਼ਖਸੀਅਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਵਲੋਂ ਬਾਖੂਬੀ ਨਿਭਾਇਆ ਗਿਆ। ਅੰਤ ਵਿਚ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਵਿਦਿਵਾਨਾ, ਕਵੀਆਂ,ਲੇਖਕਾਂ ਲਈ ਰਸਮੀ ਧੰਨਵਾਦੀ ਸ਼ਬਦ ਕਹੇ।