ਮਰਨ ਉਪਰੰਤ 77 ਸਾਲਾ ਸੁਰਜੀਤ ਕੌਰ ਨੇ ਦੋ ਲੋਕਾਂ ਦੀ ਜ਼ਿੰਦਗੀ ਕੀਤੀ ਰੌਸ਼ਨ
ਡੇਰਾਬੱਸੀ, 17 ਅਗਸਤ (ਗੁਰਮੀਤ ਸਿੰਘ)- 77 ਸਾਲਾ ਸੁਰਜੀਤ ਕੌਰ ਪਤਨੀ ਮਹਿਮਾ ਸਿੰਘ ਨੇ ਮਰਨ ਉਪਰੰਤ ਦੋ ਲੋਕਾਂ ਦੇ ਹਨ੍ਹੇਰੇ ਜੀਵਨ ਨੂੰ ਰੌਸ਼ਨ ਕੀਤਾ ਹੈ। ਉਹ ਆਪਣੇ ਪਿੱਛੇ ਇਕ ਪੁੱਤਰ ਅਤੇ ਚਾਰ ਧੀਆਂ ਸਮੇਤ ਇਕ ਹਰਿਆ-ਭਰਿਆ ਪਰਿਵਾਰ ਛੱਡ ਗਏ ਹਨ।
ਡੇਰਾਬੱਸੀ, 17 ਅਗਸਤ (ਗੁਰਮੀਤ ਸਿੰਘ)- 77 ਸਾਲਾ ਸੁਰਜੀਤ ਕੌਰ ਪਤਨੀ ਮਹਿਮਾ ਸਿੰਘ ਨੇ ਮਰਨ ਉਪਰੰਤ ਦੋ ਲੋਕਾਂ ਦੇ ਹਨ੍ਹੇਰੇ ਜੀਵਨ ਨੂੰ ਰੌਸ਼ਨ ਕੀਤਾ ਹੈ। ਉਹ ਆਪਣੇ ਪਿੱਛੇ ਇਕ ਪੁੱਤਰ ਅਤੇ ਚਾਰ ਧੀਆਂ ਸਮੇਤ ਇਕ ਹਰਿਆ-ਭਰਿਆ ਪਰਿਵਾਰ ਛੱਡ ਗਏ ਹਨ। ਪ੍ਰਸਿੱਧ ਸਮਾਜ ਸੇਵੀ ਪਰਮਜੀਤ ਸੈਣੀ ਰਮੀ (ਸੇਵਾ-ਮੁਕਤ ਇੰਸਪੈਕਟਰ) ਤੇ ਕੌਂਸਲਰ ਡੇਰਾਬੱਸੀ ਦੀ ਮਾਤਾ ਸੁਰਜੀਤ ਕੌਰ, ਜੋ ਕਿ ਕਾਫ਼ੀ ਸਮੇਂ ਤੋਂ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ, ਦਾ ਅੱਜ ਦਿਹਾਂਤ ਹੋ ਗਿਆ। ਪਰਿਵਾਰ ਦੀ ਸਹਿਮਤੀ ਨਾਲ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸ਼ਾਖਾ ਵਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ, ਜਿਨ੍ਹਾਂ ਨਾਲ ਦੋ ਲੋਕਾਂ ਦੇ ਹਨ੍ਹੇਰੇ ਜੀਵਨ ‘ਚ ਰੌਸ਼ਨੀ ਹੋਈ। ਅੱਖਾਂ ਦਾਨ ਲੈਣ ਦੀ ਪ੍ਰਕਿਰਿਆ ਪੀ. ਜੀ. ਆਈ. ਤੋਂ ਆਏ ਡਾਕਟਰਾਂ ਦੀ ਟੀਮ ਦੁਆਰਾ ਪੂਰੀ ਕੀਤੀ ਗਈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਦੱਸਿਆ ਕਿ ਪ੍ਰੀਸ਼ਦ ਵਲੋਂ ਹੁਣ ਤੱਕ 17 ਲੋਕਾਂ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ, ਜਿਸ ਨਾਲ 34 ਲੋਕਾਂ ਦੇ ਹਨ੍ਹੇਰੇ ਜੀਵਨ ‘ਚ ਰੌਸ਼ਨੀ ਹੋਈ ਹੈ। ਉਨ੍ਹਾਂ ਪ੍ਰੀਸ਼ਦ ਵਲੋਂ ਇਸ ਮਹਾਨ ਕਾਰਜ ਲਈ ਪਰਿਵਾਰ ਦਾ ਧੰਨਵਾਦ ਵੀ ਕੀਤਾ। ਸਵ. ਸੁਰਜੀਤ ਕੌਰ ਦਾ ਅੰਤਿਮ ਸਸਕਾਰ ਅੱਜ ਰਾਮ ਬਾਗ ‘ਚ ਕੀਤਾ ਗਿਆ, ਜਿਥੇ ਕਿ ਹਲਕਾ ਵਿਧਾਇਕ ਕੁਲਜੀਤ ਰੰਧਾਵਾ, ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ, ਸ਼੍ਰੋਮਣੀ ਅਕਾਲੀ ਦਲ (ਬ) ਤੋਂ ਐਨ. ਕੇ. ਸ਼ਰਮਾ, ਕਾਂਗਰਸ ਤੋਂ ਦੀਪਇੰਦਰ ਸਿੰਘ ਢਿੱਲੋਂ, ਭਾਜਪਾ ਤੋਂ ਗੁਰਦਰਸ਼ਨ ਸਿੰਘ ਸੈਣੀ ਤੇ ਮਨਪ੍ਰੀਤ ਸੰਧੂ ਸਮੇਤ ਹੋਰ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸ਼ਾਖਾ ਦੇ ਮੈਂਬਰ ਅਤੇ ਸਥਾਨਕ ਪਤਵੰਤੇ ਹਾਜ਼ਰ ਸਨ।