ਮੀਂਹ ਦੇ ਪਾਣੀ ’ਚ ਡੁੱਬਿਆ ਸ਼ਹਿਰ ਜ਼ੀਰਕਪੁਰ, ਹਕੂਮਤਾਂ ਦੇ ਦਾਅਵਿਆਂ ਨੇ ਭਰੀ ਉਡਾਰੀ
ਜ਼ੀਰਕਪੁਰ, 18 ਅਗਸਤ (ਹੈਪੀ ਪੰਡਵਾਲਾ)- ਅੱਜ ਸਵੇਰ ਪਏ ਭਰਵੇਂ ਮੀਂਹ ਕਾਰਨ ਜ਼ੀਰਕਪੁਰ ਅਤੇ ਨੇੜਲੇ ਖੇਤਰਾਂ ‘ਚ ਪਾਣੀ ਹੀ ਪਾਣੀ ਭਰ ਗਿਆ। ਸ਼ਹਿਰ ਦੇ ਸਾਰੇ ਚੌਕਾਂ ‘ਚ ਪਾਣੀ ਖੜ੍ਹਨ ਨਾਲ ਸੜਕਾਂ ਝੀਲ ਦਾ ਰੂਪ ਧਾਰ ਗਈਆਂ।
ਜ਼ੀਰਕਪੁਰ, 18 ਅਗਸਤ (ਹੈਪੀ ਪੰਡਵਾਲਾ)- ਅੱਜ ਸਵੇਰ ਪਏ ਭਰਵੇਂ ਮੀਂਹ ਕਾਰਨ ਜ਼ੀਰਕਪੁਰ ਅਤੇ ਨੇੜਲੇ ਖੇਤਰਾਂ ‘ਚ ਪਾਣੀ ਹੀ ਪਾਣੀ ਭਰ ਗਿਆ। ਸ਼ਹਿਰ ਦੇ ਸਾਰੇ ਚੌਕਾਂ ‘ਚ ਪਾਣੀ ਖੜ੍ਹਨ ਨਾਲ ਸੜਕਾਂ ਝੀਲ ਦਾ ਰੂਪ ਧਾਰ ਗਈਆਂ। ਸ਼ਹਿਰ ‘ਚ ਜਲ ਨਿਕਾਸੀ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੋਣ ਕਾਰਨ ਕਈ ਥਾਵਾਂ ‘ਤੇ ਦੁਕਾਨਾਂ ਤੇ ਘਰਾਂ ‘ਚ ਵੀ ਪਾਣੀ ਵੜ੍ਹ ਗਿਆ। ਥਾਂ-ਥਾਂ ਪਾਣੀ ਖੜ੍ਹਨ ਕਾਰਨ ਟ੍ਰੈਫ਼ਿਕ ਜਾਮ ਹੋ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਣੀ ਜ਼ਿਆਦਾ ਹੋਣ ਕਾਰਨ ਕਈ ਵਾਹਨ ਤਾਂ ਰਸਤੇ ‘ਚ ਹੀ ਬੰਦ ਹੋ ਗਏ। ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਵਰ੍ਹਦੇ ਮੀਂਹ ਦੌਰਾਨ ਫੁੱਟ-ਫੁੱਟ ਪਾਣੀ ‘ਚ ਖੜ੍ਹ ਕੇ ਟ੍ਰੈਫ਼ਿਕ ਸੁਚਾਰੂ ਕਰਦੇ ਰਹੇ। ਮੀਂਹ ਕਾਰਨ ਫਲਾਈਓਵਰ ਹੇਠਾਂ ਸੜਕ ‘ਤੇ ਭਾਰੀ ਮਾਤਰਾ ‘ਚ ਖੜ੍ਹੇ ਪਾਣੀ ਨੇ ਨਗਰ ਕੌਂਸਲ ਵਲੋਂ ਸ਼ਹਿਰ ਦੇ ਵਿਕਾਸ ਕਰਵਾਉਣ ਦੇ ਕੀਤੇ ਵੱਡੇ-ਵੱਡੇ ਦਾਅਵਿਆਂ ਦੀ ਹਵਾ ਕੱਢ ਕੇ ਰੱਖ ਦਿੱਤੀ। ਸ਼ਹਿਰ ਵਾਸੀਆਂ ਨੇ ਮੌਜ਼ੂਦਾ ਹਕੂਮਤ ਵਲੋਂ ਵਿਕਾਸ ਦੇ ਨਾਂਅ ‘ਤੇ ਕੀਤੇ ਜਾਂਦੇ ਐਲਾਨਾਂ ਨੂੰ ਵੀ ਫੋਕੀਆਂ ਫ਼ੜ੍ਹਾਂ ਹੀ ਦੱਸਿਆ। ਅੱਜ ਦੇ ਮੀਂਹ ਨਾਲ ਮੁੱਖ ਬਾਜ਼ਾਰ ਸਮੇਤ ਪਟਿਆਲਾ ਚੌਕ, ਬਲਟਾਣਾ, ਲੋਹਗੜ੍ਹ, ਢਕੌਲੀ, ਪੀਰਮੁਛੱਲਾ ਤੇ ਵੀ. ਆਈ. ਪੀ. ਸੜਕ ‘ਤੇ ਪੈਂਦੀਆਂ ਵੱਖ-ਵੱਖ ਸੁਸਾਇਟੀਆਂ ਪਾਣੀ ਨਾਲ ਭਰ ਗਈਆਂ। ਸ਼ਹਿਰ ‘ਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਫੇਲ੍ਹ ਹੋਣ ਸੰਬੰਧੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੀਆਂ ਹਕੂਮਤਾਂ ਨੇ ਲੋਕਾਂ ਦੇ ਨਹੀਂ ਸਗੋਂ ਖ਼ੁਦ ਦੇ ਘਰ ਸੰਵਾਰੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਲੰਮਾ ਸਮਾਂ ਨਗਰ ਕੌਂਸਲ ‘ਤੇ ਕਾਬਜ਼ ਰਿਹਾ ਅਤੇ ਕਾਂਗਰਸ ਸਰਕਾਰ ਵੇਲੇ ਵੀ ਲੋਕਾਂ ਲਈ ਸਿਰਫ਼ ਲਾਰੇ ਤੇ ਝੂਠੇ ਵਾਅਦੇ ਹੀ ਕੀਤੇ ਗਏ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਸ਼ਹਿਰ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਹੁਣ ਲੋਕਾਂ ਨੂੰ ਬੁਨਿਆਦੀ ਜ਼ਰੂਰਤਾਂ ਲਈ ਤਰਸਣਾ ਨਹੀਂ ਪਵੇਗਾ। ਵਿਧਾਇਕ ਰੰਧਾਵਾ ਨੇ ਕਿਹਾ ਕਿ ਪਿਛਲੀਆਂ ਹਕੂਮਤਾਂ ਕੋਲੋਂ ਪੂਰਾ ਹਿਸਾਬ ਲਿਆ ਜਾਵੇਗਾ ਕਿ ਸ਼ਹਿਰ ਦੇ ਵਿਕਾਸ ਲਈ ਕਿਹੜੀ ਰਾਸ਼ੀ ਕਿੱਥੇ ਲਾਈ ਹੈ।