ਦਹਾਕਿਆਂ ਬਾਅਦ ਵੀ ਤਹਿਸੀਲ ਸੜਕ ’ ਤੇ ਪਾਰਕਿੰਗ ਸਮੱਸਿਆ ਦਾ ਨਹੀਂ ਹੋਇਆ ਹੱਲ
ਡੇਰਾਬੱਸੀ, 2 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੀ ਤਹਿਸੀਲ ਸੜਕ ’ਤੇ ਪਾਰਕਿੰਗ ਦੀ ਸਮੱਸਿਆ ਪਿਛਲੇ ਕਈ ਦਹਾਕਿਆਂ ਤੋਂ ਬਣੀ ਹੋਈ ਹੈ, ਪਰ ਇਸ ਦਾ ਸਥਾਈ ਹੱਲ ਅਜੇ ਤੱਕ ਨਹੀਂ ਹੋ ਸਕਿਆ। ਤਹਿਸੀਲ ਸੜਕ ’ਤੇ 11 ਅਦਾਲਤਾਂ, ਤਹਿਸੀਲਦਾਰ ਦਫ਼ਤਰ, ਪਟਵਾਰਖਾਨਾ ਸਮੇਤ ਕਈ ਸਰਕਾਰੀ ਦਫ਼ਤਰ ਸਥਿਤ ਹਨ, ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆਪਣੇ ਕੰਮਾਂ ਲਈ ਪਹੁੰਚਦੇ ਹਨ।
ਡੇਰਾਬੱਸੀ, 2 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੀ ਤਹਿਸੀਲ ਸੜਕ ’ਤੇ ਪਾਰਕਿੰਗ ਦੀ ਸਮੱਸਿਆ ਪਿਛਲੇ ਕਈ ਦਹਾਕਿਆਂ ਤੋਂ ਬਣੀ ਹੋਈ ਹੈ, ਪਰ ਇਸ ਦਾ ਸਥਾਈ ਹੱਲ ਅਜੇ ਤੱਕ ਨਹੀਂ ਹੋ ਸਕਿਆ। ਤਹਿਸੀਲ ਸੜਕ ’ਤੇ 11 ਅਦਾਲਤਾਂ, ਤਹਿਸੀਲਦਾਰ ਦਫ਼ਤਰ, ਪਟਵਾਰਖਾਨਾ ਸਮੇਤ ਕਈ ਸਰਕਾਰੀ ਦਫ਼ਤਰ ਸਥਿਤ ਹਨ, ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆਪਣੇ ਕੰਮਾਂ ਲਈ ਪਹੁੰਚਦੇ ਹਨ। ਪਾਰਕਿੰਗ ਦੀ ਉੱਚਿਤ ਵਿਵਸਥਾ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਲਈ ਭਟਕਣਾ ਪੈਂਦਾ ਹੈ। ਥਾਂ ਦੀ ਘਾਟ ਕਾਰਨ ਕਈ ਲੋਕ ਆਪਣੇ ਵਾਹਨ ਪੰਜਾਬੀ ਬਾਗ, ਸਾਧੂ ਨਗਰ, ਮੋਹਨ ਨਗਰ ਅਤੇ ਪੁਰਾਣੇ ਡਾਕਖਾਨੇ ਵੱਲ ਜਾਣ ਵਾਲੀਆਂ ਰਿਹਾਇਸ਼ੀ ਗਲੀਆਂ ਵਿਚ ਖੜ੍ਹੇ ਕਰ ਦਿੰਦੇ ਹਨ। ਇਸ ਕਾਰਨ ਗਲੀਆਂ ਵਿਚ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸਥਾਨਕ ਵਸਨੀਕਾਂ ਨੂੰ ਵੀ ਆਪਣੇ ਘਰਾਂ ਤੋਂ ਵਾਹਨ ਕੱਢਣ ਅਤੇ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਅਨੁਸਾਰ ਰੇਲਵੇ ਫਾਟਕ ਬੰਦ ਹੋਣ ਸਮੇਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਤਹਿਸੀਲ ਸੜਕ ਤੱਕ ਪਹੁੰਚ ਜਾਂਦੀਆਂ ਹਨ। ਸੋਮਵਾਰ ਨੂੰ ਪੁਰਾਣੇ ਡਾਕਖਾਨੇ ਵੱਲ ਜਾਂਦੀ ਗਲੀ ਵਿਚ ਦੋ ਵਾਹਨ ਬੇਤਰਤੀਬੇ ਢੰਗ ਨਾਲ ਖੜ੍ਹੇ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਵਿਵਸਥਿਤ ਪਾਰਕਿੰਗ ਦਾ ਪ੍ਰਬੰਧ ਕਰੇ ਤੇ ਰਿਹਾਇਸ਼ੀ ਗਲੀਆਂ ਵਿਚ ਬੇਤਰਤੀਬ ਪਾਰਕਿੰਗ ’ਤੇ ਸਖ਼ਤੀ ਕੀਤੀ ਜਾਵੇ।