ਸੰਜੀਵ ਕੁਮਾਰ ਸਿੰਗਲਾ ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਿਯੁਕਤ
ਚੰਡੀਗੜ੍ਹ, 9 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਸੰਜੀਵ ਕੁਮਾਰ ਸਿੰਗਲਾ ਨੂੰ ਚੰਡੀਗੜ੍ਹ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ. ਈ.
ਚੰਡੀਗੜ੍ਹ, 9 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਸੰਜੀਵ ਕੁਮਾਰ ਸਿੰਗਲਾ ਨੂੰ ਚੰਡੀਗੜ੍ਹ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ.ਈ.ਓ.) ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਜੀਵ ਕੁਮਾਰ ਸਿੰਗਲਾ ਸਹਾਇਕ ਨਿਰਦੇਸ਼ਕ ਬਾਲਗ ਸਿੱਖਿਆ ਵਜੋਂ ਸੇਵਾ ਨਿਭਾਅ ਰਹੇ ਸਨ। ਸਿੰਗਲਾ ਨੇ ਸਕੂਲ ਸਿੱਖਿਆ ਵਿਭਾਗ ਵਿਚ ਸਾਲ 1990 ਵਿਚ ਸਕੂਲ ਲੈਕਚਰਾਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਚੰਡੀਗੜ੍ਹ ਦੇ ਪਿੰਡਾਂ ਵਿਚਲੇ ਸਕੂਲਾਂ ਵਿਚ ਸੇਵਾ ਨਿਭਾਉਂਦਿਆਂ ਸੰਜੀਵ ਕੁਮਾਰ ਸਿੰਗਲਾ ਨੇ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ। ਸਕੂਲ ਸਿੱਖਿਆ ਸੰਬੰਧੀ ਸੇਵਾਵਾਂ ਨੂੰ ਦੇਖਦਿਆਂ ਸਿੰਗਲਾ ਨੂੰ ਸਿੱਖਿਆ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਸੀ.ਵੀ. ਰਮਨ ਸਨਮਾਨ, ਬੈਸਟ ਸਕੂਲ ਆਫ਼ ਇੰਡੀਆ ਐਵਾਰਡ, ਪ੍ਰਿੰਸੀਪਲ ਆਫ਼ ਦਾ ਈਅਰ 2023 ਅਤੇ ਚੰਡੀਗੜ੍ਹ ਸਕੂਲ ਐਕਸੀਲੈਂਸ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਕੁਮਾਰ ਸਿੰਗਲਾ ਦਾ ਕਹਿਣਾ ਹੈ ਕਿ ਸਾਰੇ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਸਿੱਖਿਆ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਨਾ ਕਿ ਇਕ ਦੂਜੇ ਖ਼ਿਲਾਫ਼ ਸ਼ਿਕਾਇਤਾਂ ਕਰਨ ’ਤੇ ਸਮਾਂ ਬਰਬਾਦ ਕਰਨਾ ਚਾਹੀਦਾ ਹੈ। ਹੋਰ ਨਿਯੁਕਤੀਆਂ ਵਿਚ ਪ੍ਰਿੰਸੀਪਲ ਭਵਨੀਤ ਕੌਰ ਨੂੰ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (1) ਲਾਇਆ ਗਿਆ ਹੈ, ਜਦੋਂ ਕਿ ਪ੍ਰਿੰਸੀਪਲ ਉਪਾਸਨਾ ਸ਼ਰਮਾ ਨੂੰ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (2) ਦਾ ਵਾਧੂ ਕੰਮ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਸੰਗੀਤਾ ਛਾਬੜਾ ਨੂੰ ਸਹਾਇਕ ਨਿਰਦੇਸ਼ਕ ਵੋਕੇਸ਼ਨਲ ਸਿੱਖਿਆ ਤੇ ਪ੍ਰਿੰਸੀਪਲ ਸੀਮਾ ਬੀ ਗਰੋਵਰ ਨੂੰ ਸਹਾਇਕ ਨਿਰਦੇਸ਼ਕ ਬਾਲਗ ਸਿੱਖਿਆ ਦਾ ਵਾਧੂ ਚਾਰਜ ਦਿੱਤਾ ਗਿਆ ਹੈ।