ਐੱਸ. ਏ. ਐੱਸ. ਨਗਰ, 19 ਸਤੰਬਰ (ਕਪਿਲ ਵਧਵ)-ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੀ ਜੱਜ ਨੀਤਿਕਾ ਵਰਮਾ ਨੇ ਅੱਜ ਦੋ ਨਾਈਜ਼ੀਰੀਅਨ ਨਾਗਰਿਕਾਂ ਰਿਚਰਡ ਅਤੇ ਕ੍ਰਿਸਚੀਅਨ ਨੂੰ ਜ਼ਮਾਨਤ ਦੇਣ ਦੇ ਹੁਕਮ ਸੁਣਾਏ ਹਨ। ਇਹ ਮਾਮਲਾ ਥਾਣਾ ਐਂਟੀ ਨਾਰਕੋਟਿਕਸ ਫੋਰਸ ਵਿਖੇ 14 ਜੁਲਾਈ 2026 ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ 21 ਤੇ 29 ਤਹਿਤ ਦਰਜ ਕੀਤਾ ਗਿਆ ਸੀ। ਅਦਾਲਤੀ ਰਿਕਾਰਡ ਅਨੁਸਾਰ ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਕੋਲੋਂ 34 ਗ੍ਰਾਮ ਕੋਕੀਨ ਅਤੇ 3.40 ਲੱਖ ਰੁ. ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ਦੋਵੇਂ ਮੁਲਜ਼ਮ 14 ਜੁਲਾਈ ਤੋਂ ਨਿਆਂਇਕ ਹਿਰਾਸਤ ‘ਚ ਚੱਲ ਰਹੇ ਸਨ। ਅਦਾਲਤ ਨੇ ਨੋਟ ਕੀਤਾ ਕਿ ਬਰਾਮਦ ਕੋਕੀਨ ਦੀ ਮਾਤਰਾ ਵਪਾਰਕ ਮਾਤਰਾ ਤੋਂ ਘੱਟ ਹੈ ਅਤੇ ਐੱਫ. ਐੱਸ. ਐੱਲ. ਰਿਪੋਰਟ ਵਿਚ ਬਰਾਮਦ ਪਦਾਰਥ ਵਿਚ ਕੋਕੀਨ ਹੋਣ ਦੀ ਪੁਸ਼ਟੀ ਹੋਈ ਹੈ। ਅਦਾਲਤ ਨੇ ਦੋਵਾਂ ਨੂੰ 1-1 ਲੱਖ ਰੁ. ਦੇ ਜ਼ਮਾਨਤੀ ਮੁਚੱਲਕੇ ਭਰਨ ਦੀ ਸ਼ਰਤ ‘ਤੇ ਰਿਹਾਅ ਕਰਨ ਦੇ ਹੁਕਮ ਸੁਣਾਏ ਹਨ। ਇਸ ਤੋਂ ਇਲਾਵਾ ਅਦਾਲਤ ਨੇ ਦੋਵਾਂ ਨਾਈਜ਼ੀਰੀਅਨਾਂ ‘ਤੇ ਬਿਨਾਂ ਅਦਾਲਤੀ ਮਨਜ਼ੂਰੀ ਤੋਂ ਦੇਸ਼ ਛੱਡਣ ‘ਤੇ ਵੀ ਪਾਬੰਦੀ ਲਗਾਈ ਹੈ। ਵਿਦੇਸ਼ੀ ਨਾਗਰਿਕ ਹੋਣ ਕਾਰਨ ਉਨ੍ਹਾਂ ਨੂੰ ਰਿਹਾਈ ਤੋਂ ਬਾਅਦ ਇਕ ਹਫ਼ਤੇ ਅੰਦਰ ਐੱਫ. ਆਰ. ਆਰ. ਓ. ਕੋਲ ਰਜਿਸਟ੍ਰੇਸ਼ਨ ਕਰਵਾਉਣ ਸਮੇਤ ਹੋਰ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ।