ਅੱਗ ਲੱਗਣ ਨਾਲ ਘਰ ਵਿਚ ਪਿਆ ਲੱਖਾਂ ਰੁ. ਦਾ ਸਾਮਾਨ ਸੜਿਆ
ਜ਼ੀਰਕਪੁਰ, 2 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਖੇਤਰ ਵਿਚ ਪੈਂਦੀ ਸ਼ਿਵ ਕਾਲੋਨੀ ਦੇ ਮਕਾਨ ਦੀ ਦੂਜੀ ਮੰਜ਼ਿਲ ‘ਤੇ ਸ਼ਾਮ ਕਰੀਬ ਸਾਢੇ 5 ਵਜੇ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਘਰ ਵਿਚ ਪਿਆ ਲੱਖਾਂ ਰੁ.
ਜ਼ੀਰਕਪੁਰ, 2 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਖੇਤਰ ਵਿਚ ਪੈਂਦੀ ਸ਼ਿਵ ਕਾਲੋਨੀ ਦੇ ਮਕਾਨ ਦੀ ਦੂਜੀ ਮੰਜ਼ਿਲ ‘ਤੇ ਸ਼ਾਮ ਕਰੀਬ ਸਾਢੇ 5 ਵਜੇ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਘਰ ਵਿਚ ਪਿਆ ਲੱਖਾਂ ਰੁ. ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਗਨੀਮਤ ਰਹੀ ਕਿ ਘਰ ਵਿਚ ਪਏ ਤਿੰਨ ਗੈਸ ਸਿਲੰਡਰ ਅੱਗ ਦੀ ਲਪੇਟ ਵਿਚ ਆਉਣ ਤੋਂ ਪਹਿਲਾਂ ਹੀ ਬਾਹਰ ਕੱਢ ਲਏ ਗਏ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਦੋ ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਮਕਾਨ ਮਾਲਕ ਕਿਨੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੀ ਪਹਿਲੀ ਮੰਜ਼ਿਲ ਕਿਰਾਏ ‘ਤੇ ਦਿੱਤੀ ਹੋਈ ਹੈ, ਜਿਥੇ ਇਕ ਪਰਿਵਾਰ ਰਹਿੰਦਾ ਹੈ। ਹਾਦਸੇ ਸਮੇਂ ਪਰਿਵਾਰ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਫਰਿੱਜ ਦਾ ਕੰਪ੍ਰੈਸਰ ਫਟਣ ਤੋਂ ਬਾਅਦ ਅੱਗ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ। ਅੱਗ ਕਾਰਨ ਫਰਿੱਜ, ਲਾਈਟਾਂ, ਪੱਖੇ, ਪਰਦੇ, ਬੈੱਡ, ਸੋਫੇ, ਕੁਰਸੀਆਂ, ਲੈਪਟਾਪ, ਗਹਿਣੇ, ਨਕਦੀ, ਰਸੋਈ ਦਾ ਸਾਮਾਨ ਅਤੇ ਹੋਰ ਕੀਮਤੀ ਵਸਤਾਂ ਸੜ ਕੇ ਸੁਆਹ ਹੋ ਗਈਆਂ। ਕਿਨੀ ਕਪੂਰ ਨੇ ਦੱਸਿਆ ਕਿ ਹਾਦਸੇ ਸਮੇਂ ਨੇੜਲੇ ਸ਼ਿਵ ਮੰਦਰ ਵਿਚ ਕੀਰਤਨ ਚੱਲ ਰਿਹਾ ਸੀ। ਘਰ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਰੌਲਾ ਪਾਇਆ ਅਤੇ ਤੁਰੰਤ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ। ਫਾਇਰ ਵਿਭਾਗ ਦੇ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦੇ ਨਾਲ ਘਰ ਵਿਚ ਪਏ ਸਿਲੰਡਰ ਵੀ ਸੁਰੱਖਿਅਤ ਬਾਹਰ ਕੱਢੇ ਗਏ। ਅੱਗ ਕਾਰਨ ਲੱਖਾਂ ਰੁ. ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।