ਢਕੌਲੀ ਦੀਆਂ ਸੜਕਾਂ ’ ਤੇ ਹਨੇਰੇ ਦਾ ਰਾਜ , ਤਿੰਨ ਮਹੀਨਿਆਂ ਤੋਂ ਸਟਰੀਟ ਲਾਈਟਾਂ ਬੰਦ 20 ਸੁਸਾਇਟੀਆਂ ਦੇ ਹਜ਼ਾਰਾਂ ਪਰਿਵਾਰ ਪ੍ਰੇਸ਼ਾਨ, ਹਨੇਰੇ ਕਾਰਨ ਹਾਦਸਿਆਂ ਦਾ ਬਣਿਆ ਰਹਿੰਦਾ ਹੈ ਖ਼ਤਰਾ
ਜ਼ੀਰਕਪੁਰ, 18 ਅਕਤੂਬਰ (ਮਨਿੰਦਰ ਸਿੰਘ)-ਢਕੌਲੀ ਦੀ ਡੀ. ਪੀ.
ਜ਼ੀਰਕਪੁਰ, 18 ਅਕਤੂਬਰ (ਮਨਿੰਦਰ ਸਿੰਘ)-ਢਕੌਲੀ ਦੀ ਡੀ.ਪੀ.ਐੱਸ. ਰੋਡ ਅਤੇ ਕਿਸ਼ਨਪੁਰਾ ਤੋਂ ਸਨੌਲੀ ਨੂੰ ਜਾਣ ਵਾਲੀ ਸੜਕ ’ਤੇ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਹਨੇਰਾ ਛਾਇਆ ਹੋਇਆ ਹੈ। ਇਨ੍ਹਾਂ ਸੜਕਾਂ ਦੇ ਆਲੇ-ਦੁਆਲੇ ਸਥਿਤ ਕਰੀਬ 20 ਰਿਹਾਇਸ਼ੀ ਸੁਸਾਇਟੀਆਂ ਦੇ ਹਜ਼ਾਰਾਂ ਪਰਿਵਾਰਾਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਸਮੇਂ ਸੜਕ ’ਤੇ ਸਪੀਡ ਬ੍ਰੇਕਰ ਅਤੇ ਟੋਏ ਦਿਖਾਈ ਨਾ ਦੇਣ ਕਾਰਨ ਹਾਦਸਿਆਂ ਦਾ ਖਤਰਾ ਵੀ ਬਣਿਆ ਹੋਇਆ ਹੈ। ਸਥਾਨਕ ਵਸਨੀਕ ਵਿਸ਼ੇਸ਼ ਸ਼ਰਮਾ, ਤੇਜਵੀਰ ਰਾਵਤ, ਪ੍ਰਦੀਪ, ਸ਼ਿਆਮ ਕ੍ਰਿਸ਼ਨਾ ਅਤੇ ਨਰਿੰਦਰ ਗੁਪਤਾ ਸਮੇਤ ਹੋਰਨਾਂ ਨੇ ਦੱਸਿਆ ਕਿ ਡੀ. ਪੀ. ਐਸ. ਰੋਡ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਵਾਹਨ ਚਾਲਕ ਅਤੇ ਪੈਦਲ ਰਾਹਗੀਰ ਲੰਘਦੇ ਹਨ। ਸਟਰੀਟ ਲਾਈਟਾਂ ਬੰਦ ਹੋਣ ਕਾਰਨ ਸ਼ਾਮ ਢਲਦਿਆਂ ਹੀ ਸੜਕ ’ਤੇ ਹਨੇਰਾ ਹੋ ਜਾਂਦਾ ਹੈ। ਵਸਨੀਕਾਂ ਅਨੁਸਾਰ ਡੀ. ਪੀ. ਐਸ. ਰੋਡ ’ਤੇ ਕਈ ਕ੍ਰਿਕਟ ਅਕੈਡਮੀਆਂ ਹਨ, ਜਿਥੇ ਬੱਚੇ ਅਭਿਆਸ ਕਰਨ ਆਉਂਦੇ ਹਨ। ਹਨੇਰੇ ਕਾਰਨ ਬੱਚਿਆਂ ਤੋਂ ਇਲਾਵਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਵੀ ਆਉਣ-ਜਾਣ ਵਿਚ ਮੁਸ਼ਕਿਲ ਆਉਂਦੀ ਹੈ। ਲੋਕਾਂ ਨੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਸਟਰੀਟ ਲਾਈਟਾਂ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਹੋਈ। ਮਾਮਲੇ ਸੰਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਸਾਮਾਨ ਦੀ ਘਾਟ ਅਤੇ ਮਸ਼ੀਨਾਂ ਵਿਚ ਖਰਾਬੀ ਕਾਰਨ ਮੁਰੰਮਤ ਵਿਚ ਦੇਰੀ ਹੋਈ ਹੈ। ਸ਼ਨੀਵਾਰ ਤੋਂ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਪਹਿਲਾਂ ਫਰਨੀਚਰ ਮਾਰਕੀਟ ਦੀਆਂ ਲਾਈਟਾਂ ਠੀਕ ਕੀਤੀਆਂ ਗਈਆਂ ਹਨ, ਇਸ ਤੋਂ ਬਾਅਦ ਓਲਡ ਅੰਬਾਲਾ ਰੋਡ ਅਤੇ ਤੀਜੇ ਪੜਾਅ ਵਿਚ ਪੀਰਮੁਛੱਲਾ ਦੀਆਂ ਲਾਈਟਾਂ ਠੀਕ ਕਰਵਾਈਆਂ ਜਾਣਗੀਆਂ।