ਹਿਮਾਚਲ ਪ੍ਰਦੇਸ਼ ਤੇ ਐਚ . ਯੂ . ਐਲ . ਦੇ ‘ ਪ੍ਰੋਜੈਕਟ ਸਰਕੂਲਰ ਭਾਰਤ ’ ਨੇ ਸੂਬਾ ਪੱਧਰੀ ਮਿਊਂਸਪਲ ਕੂੜਾ - ਪ੍ਰਬੰਧਨ ਪਹਿਲਕਦਮੀ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ, 28 ਅਕਤੂਬਰ (ਅ. ਬ.)
ਚੰਡੀਗੜ੍ਹ, 28 ਅਕਤੂਬਰ (ਅ. ਬ.)-ਹਿਮਾਚਲ ਪ੍ਰਦੇਸ਼ ਸਰਕਾਰ ਤੇ ਹਿੰਦੁਸਤਾਨ ਯੂਨੀਲੀਵਰ ਲਿਮਿਟੇਡ ਦੇ ‘ਪ੍ਰੋਜੈਕਟ ਸਰਕੂਲਰ ਭਾਰਤ’ ਨੇ ਟਿਕਾਊ ਤੇ ਸਮਾਵੇਸ਼ੀ ਮਿਉਂਸਪਲ ਠੋਸ ਕੂੜਾ-ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਇਕ ਰਾਜ-ਵਿਆਪੀ ਸਮਰੱਥਾ-ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਪਹਿਲਕਦਮੀ ਰਾਜ ਦੀਆਂ 70 ਤੋਂ ਵੱਧ ਸ਼ਹਿਰੀ ਸਥਾਨਕ ਸੰਸਥਾਵਾਂ ਜੋ ਕਿ ਕੁੱਲ ਯੂ. ਐਲ .ਬੀ. ਦਾ 95% ਹਿੱਸਾ ਹਨ ਵਿਚ 800 ਤੋਂ ਵੱਧ ਚੁਣੇ ਹੋਏ ਨੁਮਾਇੰਦਿਆਂ ਤੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਕਰੇਗੀ। ਇਸ ਰਾਹੀਂ ਮਿਉਂਸਪਲ ਆਗੂਆਂ ਨੂੰ ਅਜਿਹੇ ਵਿਹਾਰਕ ਸਾਧਨ ਦਿੱਤੇ ਜਾਣਗੇ, ਜਿਨ੍ਹਾਂ ਨਾਲ ਉਹ ਸਥਾਨਕ ਕੂੜਾ-ਪ੍ਰਬੰਧਨ ਪ੍ਰਣਾਲੀਆਂ ਵਿਚ ਸੁਧਾਰ ਕਰ ਸਕਣਗੇ ਤੇ ਨਾਗਰਿਕਾਂ ਦੀ ਭਾਗੀਦਾਰੀ ਨੂੰ ਵਧਾ ਸਕਣਗੇ। ਇਹ ਪ੍ਰੋਗਰਾਮ ‘ਪ੍ਰੋਜੈਕਟ ਸਰਕੂਲਰ ਭਾਰਤ’ ਦੇ ਉਸ ਤਜਰਬੇ ‘ਤੇ ਆਧਾਰਿਤ ਹੈ, ਜੋ ਵਿਵਹਾਰ ਵਿਚ ਬਦਲਾਅ, ਸਮਾਜਿਕ ਸਮਾਵੇਸ਼ ਅਤੇ ‘ਮਟੀਰੀਅਲ ਰਿਕਵਰੀ ਫੈਸਿਲਿਟੀਜ਼’ (ਕੂੜੇ ਵਿੱਚੋਂ ਮੁੜ ਵਰਤੋਂ ਯੋਗ ਸਮੱਗਰੀ ਕੱਢਣ ਵਾਲੇ ਕੇਂਦਰਾਂ) ਦੇ ਟਿਕਾਊ ਸੰਚਾਲਨ ਨਾਲ ਜੁੜਿਆ ਹੋਇਆ ਹੈ। ਹਿਮਾਚਲ ਪ੍ਰਦੇਸ਼ ਸਰਕਾਰ, ਆਪਣੇ ‘ਸ਼ਹਿਰੀ ਵਿਕਾਸ ਡਾਇਰੈਕਟੋਰੇਟ’ ਰਾਹੀਂ, ਇਸ ਪ੍ਰੋਗਰਾਮ ਦੀ ਅਗਵਾਈ ਕਰੇਗੀ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਏਗੀ। ਐਚ. ਯੂ. ਐਲ. ਦਾ ‘ਪ੍ਰੋਜੈਕਟ ਸਰਕੂਲਰ ਭਾਰਤ’ ਸਰਕੂਲਰ ਅਰਥਵਿਵਸਥਾ ਨਾਲ ਜੁੜੀ ਆਪਣੀ ਮੁਹਾਰਤ ਪ੍ਰਦਾਨ ਕਰੇਗਾ; ‘ਫੀਡਬੈਕ ਫਾਊਂਡੇਸ਼ਨ ਚੈਰੀਟੇਬਲ ਟਰੱਸਟ’ ਸਿਖਲਾਈ ਦੀਆਂ ਲੋੜਾਂ ਦੇ ਮੁਲਾਂਕਣ, ਸਿਖਲਾਈ ਪ੍ਰਕਿਰਿਆ ਅਤੇ ਵਰਕਸ਼ਾਪ ਤੋਂ ਬਾਅਦ ਦੇ ਸਹਿਯੋਗ ਦੀ ਜ਼ਿੰਮੇਵਾਰੀ ਸੰਭਾਲੇਗਾ ਤੇ ‘ਦਾਸਰਾ’ ਇਸ ਪ੍ਰੋਗਰਾਮ ਦੇ ਅਮਲ ਵਿੱਚ ਤਾਲਮੇਲ ਬਿਠਾਏਗਾ ਤੇ ਸਿੱਖੇ ਗਏ ਤਜਰਬਿਆਂ ਨੂੰ ਦਸਤਾਵੇਜ਼ੀ ਰੂਪ ਦੇਵੇਗਾ। ਨਵੰਬਰ 2026 ਤੋਂ ਮਾਰਚ 2027 ਤੱਕ, 15 ਤੋਂ ਵੱਧ ਸਮੂਹ-ਆਧਾਰਿਤ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਤੋਂ ਬਾਅਦ ਯੋਜਨਾਬੱਧ ਢੰਗ ਨਾਲ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਲੋੜਾਂ ਦੇ ਮੁਲਾਂਕਣ ਤੇ ਖੇਤਰੀ ਨਿਰੀਖਣਾਂ ਦੇ ਆਧਾਰ ‘ਤੇ ਪਾਠਕ੍ਰਮ ਨੂੰ ਸਥਾਨਕ ਚੁਣੌਤੀਆਂ ਦੇ ਅਨੁਕੂਲ ਬਣਾਇਆ ਜਾਵੇਗਾ। ਹਰੇਕ ਭਾਗ ਲੈਣ ਵਾਲੀ ਸ਼ਹਿਰੀ ਸਥਾਨਕ ਸੰਸਥਾ 30-60 ਤੇ 90 ਦਿਨਾਂ ਦੀ ਕਾਰਜ-ਯੋਜਨਾ ਤਿਆਰ ਕਰੇਗੀ, ਤੇ ਇਸਨੂੰ ਲਾਗੂ ਕਰਨ ਲਈ ਬਾਅਦ ਵਿਚ ਵੀ ਸਹਾਇਤਾ ਦਿੱਤੀ ਜਾਵੇਗੀ।