ਦੀਵਾਲੀ ਦੀ ਰੌਣਕ ’ ਤੇ ਪਟਾਕਿਆਂ ਦੇ ਧਮਾਕਿਆਂ ਨੇ ਫੇਰਿਆ ਪਾਣੀ
ਆਤਿਸ਼ਬਾਜ਼ੀ ਬਣੀ 7 ਲੋਕਾਂ ਲਈ ਮੁਸੀਬਤ
ਚੰਡੀਗੜ੍ਹ, 9 ਨਵੰਬਰ (ਸੰਦੀਪ ਕੁਮਾਰ ਮਾਹਨਾ)-ਦੀਵਾਲੀ ਦੀਆਂ ਖ਼ੁਸ਼ੀਆਂ ਮਨਾਉਣ ਲਈ ਚਲਾਏ ਗਏ ਪਟਾਕੇ ਕਈ ਲੋਕਾਂ ਲਈ ਦਰਦਨਾਕ ਤਜਰਬਾ ਬਣ ਗਏ। ਆਤਿਸ਼ਬਾਜ਼ੀ ਦੌਰਾਨ ਵਾਪਰੇ ਹਾਦਸਿਆਂ ਵਿਚ 7 ਵਿਅਕਤੀ ਜ਼ਖ਼ਮੀ ਹੋ ਕੇ ਪੀ.
ਚੰਡੀਗੜ੍ਹ, 9 ਨਵੰਬਰ (ਸੰਦੀਪ ਕੁਮਾਰ ਮਾਹਨਾ)-ਦੀਵਾਲੀ ਦੀਆਂ ਖ਼ੁਸ਼ੀਆਂ ਮਨਾਉਣ ਲਈ ਚਲਾਏ ਗਏ ਪਟਾਕੇ ਕਈ ਲੋਕਾਂ ਲਈ ਦਰਦਨਾਕ ਤਜਰਬਾ ਬਣ ਗਏ। ਆਤਿਸ਼ਬਾਜ਼ੀ ਦੌਰਾਨ ਵਾਪਰੇ ਹਾਦਸਿਆਂ ਵਿਚ 7 ਵਿਅਕਤੀ ਜ਼ਖ਼ਮੀ ਹੋ ਕੇ ਪੀ. ਜੀ. ਆਈ. ਪਹੁੰਚੇ, ਜਿਨ੍ਹਾਂ ਵਿਚੋਂ ਤਿੰਨ ਨੂੰ ਗੰਭੀਰ ਸੱਟਾਂ ਕਾਰਨ ਆਪ੍ਰੇਸ਼ਨ ਕਰਵਾਉਣਾ ਪਿਆ। ਇਨ੍ਹਾਂ ਹਾਦਸਿਆਂ ਵਿਚ ਚਾਰ ਵਿਅਕਤੀਆਂ ਦੇ ਹੱਥਾਂ ਵਿਚ ਪਟਾਕੇ ਫਟਣ ਕਾਰਨ ਸੱਟਾਂ ਲੱਗੀਆਂ, ਜਦਕਿ ਤਿੰਨ ਹੋਰ ਵਿਅਕਤੀ ਕੱਪੜਿਆਂ ਨੂੰ ਅੱਗ ਲੱਗਣ ਕਾਰਨ ਝੁਲਸ ਗਏ। ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਵਲੋਂ ਇਹ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਮੁਖੀ ਪ੍ਰੋ. ਡਾ. ਅਤੁਲ ਪਰਾਸ਼ਰ ਨੇ ਦੱਸਿਆ ਕਿ ਹੱਥਾਂ ਵਿਚ ਪਟਾਕੇ ਫਟਣ ਕਾਰਨ ਜ਼ਖ਼ਮੀ ਹੋਏ ਚਾਰ ਮਰੀਜ਼ਾਂ ਵਿਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਐਡਵਾਂਸਡ ਟਰਾਮਾਂ ਸੈਂਟਰ (ਏ. ਟੀ. ਸੀ.) ਵਿਖੇ ਆਪ੍ਰੇਸ਼ਨ ਦੀ ਲੋੜ ਪਈ। ਇਕ ਹੋਰ ਮਰੀਜ਼ ਦਾ ਇਲਾਜ ਜ਼ਖ਼ਮਾਂ ਦੀ ਮਰਹਮ-ਪੱਟੀ ਰਾਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਾਕੇ ਚਲਾਉਣ ਦੌਰਾਨ ਕੱਪੜਿਆਂ ਨੂੰ ਅੱਗ ਲੱਗਣ ਕਾਰਨ ਝੁਲਸੇ ਤਿੰਨ ਹੋਰ ਮਰੀਜ਼ਾਂ ਦੇ ਸਰੀਰ ਦਾ ਲਗਪਗ 15 ਤੋਂ 20 ਫ਼ੀਸਦੀ ਹਿੱਸਾ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਅਧੀਨ ਬਰਨ ਹਾਈ ਡਿਪੈਂਡੈਂਸੀ ਯੂਨਿਟ (ਐੱਚ. ਡੀ. ਯੂ.) ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਵਿਸ਼ੇਸ਼ ਨਿਗਰਾਨੀ ਹੇਠ ਇਲਾਜ ਕੀਤਾ ਜਾ ਰਿਹਾ ਹੈ। ਹੱਥਾਂ ’ ਚ ਪਟਾਕੇ ਚਲਾਉਣਾ ਬਣਿਆ ਗੰਭੀਰ ਸੱਟਾਂ ਦਾ ਕਾਰਨ ਇਨ੍ਹਾਂ ਮਾਮਲਿਆਂ ਵਿਚ ਸਭ ਤੋਂ ਵੱਧ ਚਿੰਤਾਜਨਕ ਗੱਲ ਇਹ ਰਹੀ ਕਿ ਚਾਰ ਵਿਅਕਤੀ ਹੱਥਾਂ ਵਿਚ ਪਟਾਕੇ ਫਟਣ ਕਾਰਨ ਜ਼ਖ਼ਮੀ ਹੋਏ। ਇਨ੍ਹਾਂ ’ਚੋਂ ਤਿੰਨ ਦੀਆਂ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਨ੍ਹਾਂ ਨੂੰ ਆਪ੍ਰੇਸ਼ਨ ਕਰਵਾਉਣਾ ਪਿਆ। ਦੂਜੇ ਪਾਸੇ, ਕੱਪੜਿਆਂ ਨੂੰ ਅੱਗ ਲੱਗਣ ਕਾਰਨ ਝੁਲਸੇ ਤਿੰਨ ਮਰੀਜ਼ਾਂ ਨੂੰ ਵੀ ਵਿਸ਼ੇਸ਼ ਡਾਕਟਰੀ ਦੇਖ-ਰੇਖ ਵਿਚ ਰੱਖਿਆ ਗਿਆ ਹੈ। ਇਹ ਸਾਰੇ ਸੱਤ ਮਾਮਲੇ ਦੀਵਾਲੀ ਮੌਕੇ ਪਟਾਕਿਆਂ ਨਾਲ ਸਬੰਧਿਤ ਹਾਦਸਿਆਂ ਦੇ ਹਨ। ਪੀ. ਜੀ. ਆਈ. ਵਿਚ ਸਾਹਮਣੇ ਆਏ ਇਹ ਮਾਮਲੇ ਤਿਉਹਾਰਾਂ ਦੌਰਾਨ ਆਤਿਸ਼ਬਾਜ਼ੀ ਸਮੇਂ ਵਰਤੀ ਜਾਣ ਵਾਲੀ ਲਾਪ੍ਰਵਾਹੀ ਦੇ ਗੰਭੀਰ ਨਤੀਜਿਆਂ ਨੂੰ ਦਰਸਾਉਂਦੇ ਹਨ। ਖ਼ਾਸ ਤੌਰ ’ਤੇ ਹੱਥ ਵਿਚ ਪਟਾਕੇ ਫੜ ਕੇ ਚਲਾਉਣਾ ਤੇ ਪਟਾਕਾ ਚੱਲਣ ਤੋਂ ਬਾਅਦ ਉਸ ਦੇ ਨੇੜੇ ਜਾਣਾ ਗੰਭੀਰ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਪਟਾਕੇ ਹਮੇਸ਼ਾ ਖੁੱਲ੍ਹੀ ਥਾਂ ’ਤੇ ਸੁਰੱਖਿਅਤ ਦੂਰੀ ਬਣਾ ਕੇ ਚਲਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਇਕੱਲਿਆਂ ਪਟਾਕੇ ਚਲਾਉਣ ਤੋਂ ਰੋਕਣਾ ਅਤੇ ਅੱਗ ਬੁਝਾਉਣ ਲਈ ਪਾਣੀ ਜਾਂ ਰੇਤ ਦਾ ਪ੍ਰਬੰਧ ਰੱਖਣਾ ਵੀ ਜ਼ਰੂਰੀ ਹੈ।