ਐੱਸ. ਏ. ਐੱਸ. ਨਗਰ, 15 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਦੀ ਸਿੱਖਿਆ ਤੇ ਖੇਡ ਕ੍ਰਾਂਤੀ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਵਿਖੇ ਕਰਵਾਈਆਂ ਜਾ ਰਹੀਆਂ ਅੰਤਰ-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਹਾਕੀ ਮੁਕਾਬਲੇ ਸਮਾਪਤ ਹੋ ਗਏ। ਸਥਾਨਕ ਸੈਕਟਰ-63 ਸਥਿਤ ਹਾਕੀ ਸਟੇਡੀਅਮ ਵਿਖੇ ਹੋਏ ਮੁੰਡਿਆਂ ਦੇ ਹਾਕੀ ਦੇ ਫਾਈਨਲ ਮੁਕਾਬਲੇ ’ਚ ਜਲੰਧਰ ਜ਼ਿਲ੍ਹੇ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਲੁਧਿਆਣਾ ਜ਼ਿਲ੍ਹੇ ਦੀ ਟੀਮ ਉਪ ਜੇਤੂ ਰਹੀ ਜਦਕਿ ਜ਼ਿਲ੍ਹਾ ਕਪੂਰਥਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੁੜੀਆਂ ਦੇ ਹਾਕੀ ਮੁਕਾਬਲੇ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਟੀਮ ਨੇ ਬਾਜ਼ੀ ਮਾਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੁਧਿਆਣਾ ਜ਼ਿਲ੍ਹੇ ਦੀ ਟੀਮ ਦੂਜੇ ਸਥਾਨ ’ਤੇ ਰਹੀ ਜਦਕਿ ਸੰਗਰੂਰ ਦੀ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਥਾਨਕ ਸੈਕਟਰ-78 ਦੇ ਸਪੋਰਟਸ ਕੰਪਲੈਕਸ ਵਿਖੇ ਚੱਲ ਰਹੇ ਤੈਰਾਕੀ ਦੇ ਮੁਕਾਬਲਿਆਂ ਵਿਚ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਅਤੇ ਖੇਡ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੈਰਾਕੀ ਦੇ ਮੁੱਖ ਮੁਕਾਬਲਿਆਂ ਵਿਚ 50 ਮੀਟਰ ਫ਼੍ਰੀ ਸਟਾਈਲ, 100 ਮੀਟਰ ਫ਼੍ਰੀ ਸਟਾਈਲ, ਬੈਕ ਸਟਰੋਕ, ਬਟਰਫਲਾਈ, ਬ੍ਰੈਸਟ ਸਟਰੋਕ, ਇੰਡੀਵਿਜੁਅਲ ਮੈਡਲੇ, ਫ਼੍ਰੀ ਸਟਾਈਲ ਰਿਲੇਅ ਤੇ ਮੈਡਲੇ ਰਿਲੇਅ ਸ਼ਾਮਿਲ ਰਹੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਵਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ, ਜ਼ਿਲ੍ਹਾ ਪ੍ਰਾਇਮਰੀ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ, ਡੀਲਿੰਗ ਸਹਾਇਕ ਮੈਡਮ ਪ੍ਰੀਤੀ, ਸਹਾਇਕ ਜ਼ਿਲ੍ਹਾ ਖੇਡ ਕਨਵੀਨਰ ਜਗਦੀਪ ਸਿੰਘ ਕਲੌਲੀ, ਜਸਵਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਪੱਪੀ ਸਿੱਧੂ ਤੇ ਤਜਿੰਦਰ ਸਿੰਘ ਸਿਆਊ (ਦੋਵੇਂ ਸਟੇਜ ਸਕੱਤਰ), ਦੇਵ ਕਰਨ ਸਿੰਘ ਮੀਡੀਆ ਸਹਾਇਕ, ਅਵਰਿੰਦਰ ਸਿੰਘ ਪਿੰਕੀ, ਜਗਦੇਵ ਸਿੰਘ ਰਡਿਆਲਾ, ਜਨਕ ਰਾਜ ਚੋਲਟਾ ਕਲਾਂ, ਗੁਰਪ੍ਰੀਤ ਪਾਲ ਸਿੰਘ, ਵਿਪਿਨ ਕੁਮਾਰ ਝਿੰਗਰਾਂ, ਰਾਜੇਸ਼ ਕੁਮਾਰ ਘੜੂੰਆਂ, ਲਖਵੀਰ ਸਿੰਘ ਲੱਕੀ, ਖੁਸ਼ਪ੍ਰੀਤ ਸਿੰਘ ਲੋਹਗੜ੍ਹ, ਬਲਬੀਰ ਸਿੰਘ ਝੰਜੇੜੀ, ਦਵਿੰਦਰ ਸਿੰਘ ਚਾਹਲ, ਰਾਜਿੰਦਰ ਸਿੰਘ ਦੇਸੂਮਾਜਰਾ, ਸ਼ਿਵ ਕੁਮਾਰ ਰਾਣਾ, ਹਰਜੀਤ ਸਿੰਘ ਸਕਰੂਲਾਪੁਰ, ਅੰਮ੍ਰਿਤ ਪਾਲ ਸਿੰਘ ਸੈਣੀ, ਰਾਜਿੰਦਰ ਕੌਰ, ਅਰਵਿੰਦਰ ਕੌਰ, ਹਰਪ੍ਰੀਤ ਕੌਰ, ਹਰਜੀਤ ਸਿੰਘ, ਮਨ ਤ੍ਰਿਪਤ ਸਿੰਘ, ਜਸਵਿੰਦਰ ਸਿੰਘ ਕੁਰੜਾ, ਸੰਜੀਵ ਭਗਵਾਸ ਅਤੇ ਸਤਨਾਮ ਪਲਹੇੜੀ ਸਮੇਤ ਹੋਰ ਪਤਵੰਤੇ ਸੱਜਣ ਅਤੇ ਖੇਡ ਪ੍ਰਬੰਧਾਂ ਨਾਲ ਜੁੜੇ ਅਧਿਆਪਕ ਹਾਜ਼ਰ ਸਨ।