ਇੰਡਸ ਹਸਪਤਾਲ ਦੇ ਸੁਰੱਖਿਆ ਗਾਰਡ ’ਤੇ ਦੋ ਨਕਾਬਪੋਸ਼ਾਂ ਵਲੋਂ ਕ੍ਰਿਪਾਨਾਂ ਨਾਲ ਹਮਲਾ
ਡੇਰਾਬੱਸੀ, 16 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਇੰਡਸ ਹਸਪਤਾਲ ਵਿਖੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਇਕ ਨੌਜਵਾਨ ਨੂੰ ਕੀ ਪਤਾ ਸੀ ਕਿ ਜਿਸ ਹਸਪਤਾਲ ‘ਚ ਉਹ ਰੋਜ਼ਾਨਾ ਦੂਜਿਆਂ ਦੀ ਸੁਰੱਖਿਆ ਲਈ ਡਿਊਟੀ ਨਿਭਾਉਂਦਾ ਹੈ, ਉਸੇ ਹਸਪਤਾਲ ਦੇ ਬਿਲਕੁੱਲ ਨੇੜੇ ਉਹ ਖ਼ੁਦ ਹਮਲੇ ਦਾ ਸ਼ਿਕਾਰ ਹੋ ਜਾਵੇਗਾ। ਸਵੇਰ ਵੇਲੇ ਡਿਊਟੀ ‘ਤੇ ਪਹੁੰਚਣ ਤੋਂ ਕੁਝ ਪਲ ਪਹਿਲਾਂ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ਾਂ ਨੇ ਸੁਰੱਖਿਆ ਗਾਰਡ ਨੂੰ ਸੜਕ ‘ਤੇ ਸੁੱਟ ਕੇ ਕ੍ਰਿਪਾਨਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ।
ਡੇਰਾਬੱਸੀ, 16 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਇੰਡਸ ਹਸਪਤਾਲ ਵਿਖੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਇਕ ਨੌਜਵਾਨ ਨੂੰ ਕੀ ਪਤਾ ਸੀ ਕਿ ਜਿਸ ਹਸਪਤਾਲ ‘ਚ ਉਹ ਰੋਜ਼ਾਨਾ ਦੂਜਿਆਂ ਦੀ ਸੁਰੱਖਿਆ ਲਈ ਡਿਊਟੀ ਨਿਭਾਉਂਦਾ ਹੈ, ਉਸੇ ਹਸਪਤਾਲ ਦੇ ਬਿਲਕੁੱਲ ਨੇੜੇ ਉਹ ਖ਼ੁਦ ਹਮਲੇ ਦਾ ਸ਼ਿਕਾਰ ਹੋ ਜਾਵੇਗਾ। ਸਵੇਰ ਵੇਲੇ ਡਿਊਟੀ ‘ਤੇ ਪਹੁੰਚਣ ਤੋਂ ਕੁਝ ਪਲ ਪਹਿਲਾਂ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ਾਂ ਨੇ ਸੁਰੱਖਿਆ ਗਾਰਡ ਨੂੰ ਸੜਕ ‘ਤੇ ਸੁੱਟ ਕੇ ਕ੍ਰਿਪਾਨਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਇਸ ਵਾਰਦਾਤ ਨੇ ਉਸ ਸਮੇਂ ਹੋਰ ਵੀ ਰਹੱਸਮਈ ਰੂਪ ਧਾਰ ਲਿਆ, ਜਦੋਂ ਹਮਲਾਵਰਾਂ ‘ਚੋਂ ਇਕ ਵਲੋਂ ‘ਸੌਰੀ’ ਕਹਿਣ ਦੀ ਗੱਲ ਸਾਹਮਣੇ ਆਈ। ਇਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਦਾ ਅਸਲ ਨਿਸ਼ਾਨਾ ਕੋਈ ਹੋਰ ਵਿਅਕਤੀ ਸੀ। ਜ਼ਖ਼ਮੀ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ (27) ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਹਸਨਪੁਰ ਤੇ ਹਾਲ ਵਾਸੀ ਹਰਦੇਵ ਨਗਰ ਕਾਲੋਨੀ ਲਾਲੜੂ ਵਜੋਂ ਹੋਈ ਹੈ। ਉਹ ਪਿਛਲੇ ਕਰੀਬ ਡੇਢ ਸਾਲ ਤੋਂ ਇੰਡਸ ਹਸਪਤਾਲ ‘ਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ, ਜਿਸ ਦਾ ਕਿ ਹਸਪਤਾਲ ਵਿਖੇ ਇਲਾਜ ਚੱਲ ਰਿਹਾ। ਹਾਸਿਲ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਡਿਊਟੀ ਲਈ ਆ ਰਿਹਾ ਸੀ। ਇਸੇ ਦੌਰਾਨ ਜਿਵੇਂ ਹੀ ਉਹ ਜਨੇਤਪੁਰ ਕੱਟ ਤੋਂ ਹਸਪਤਾਲ ਵੱਲ ਮੁੜਿਆ ਅਤੇ ਹਸਪਤਾਲ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਟੱਕਰ ਮਾਰ ਕੇ ਸੜਕ ‘ਤੇ ਸੁੱਟ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦਾ, ਦੋਵਾਂ ਨੇ ਕ੍ਰਿਪਾਨਾਂ ਕੱਢ ਕੇ ਉਸ ‘ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਗੁਰਵਿੰਦਰ ਸਿੰਘ ਨੇ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਪਿੱਛਾ ਕਰਕੇ ਉਸ ਦੀਆਂ ਲੱਤਾਂ ਅਤੇ ਸਿਰ ‘ਤੇ ਕਈ ਵਾਰ ਕੀਤੇ। ਪੀੜਤ ਦੇ ਭਰਾ ਅਨੁਸਾਰ ਹਮਲੇ ਕਾਰਨ ਉਸ ਦੀ ਲੱਤ ਦੀ ਹੱਡੀ ਅਤੇ ਖ਼ੂਨ ਦੀ ਨਾੜ ਕੱਟੀ ਗਈ। ਉਸ ਦੀ ਲੱਤ ਦਾ ਆਪ੍ਰੇਸ਼ਨ ਕੀਤਾ ਗਿਆ ਹੈ ਅਤੇ ਉਹ ਇੰਡਸ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੈ। ਹਮਲਾਵਰਾਂ ਵਲੋਂ ‘ਸੌਰੀ’ ਕਹਿਣ ਨੇ ਗ਼ਲਤ ਪਛਾਣ ਦਾ ਸ਼ੱਕ ਪੈਦਾ ਹੋਇਆ ਪੀੜਤ ਦੇ ਭਰਾ ਨੇ ਦੱਸਿਆ ਕਿ ਹਮਲਾਵਰਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਜਦੋਂ ਹਮਲੇ ਦੌਰਾਨ ਉਨ੍ਹਾਂ ਦੇ ਚਿਹਰੇ ਸਾਹਮਣੇ ਆਏ ਤਾਂ ਇਕ ਹਮਲਾਵਰ ਨੇ ‘ਸੌਰੀ’ ਕਿਹਾ। ਪਰਿਵਾਰ ਮੁਤਾਬਿਕ ਗੁਰਵਿੰਦਰ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਪੁਰਾਣਾ ਝਗੜਾ ਨਹੀਂ ਸੀ, ਲਿਹਾਜ਼ਾ ਉਨ੍ਹਾਂ ਨੂੰ ਸ਼ੱਕ ਹੈ ਕਿ ਹਮਲਾਵਰ ਕਿਸੇ ਹੋਰ ਵਿਅਕਤੀ ਦੀ ਭਾਲ ‘ਚ ਆਏ ਹਨ। ਹਾਲਾਂਕਿ ਹਮਲੇ ਦੇ ਅਸਲ ਕਾਰਨਾਂ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਹਮਲਾਵਰਾਂ ਤੱਕ ਪੁੱਜ ਸਕਦੀ ਹੈ ਪੁਲਿਸ ਪਰਿਵਾਰ ਅਨੁਸਾਰ ਹਸਪਤਾਲ ਦੇ ਆਸ-ਪਾਸ ਅਤੇ ਘਟਨਾ ਵਾਲੇ ਰਸਤੇ ‘ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੀਆਂ ਤਸਵੀਰਾਂ ਹਮਲਾਵਰਾਂ ਦੀ ਪਛਾਣ ਲਈ ਅਹਿਮ ਸਾਬਿਤ ਹੋ ਸਕਦੀਆਂ ਹਨ। ਦੂਜੇ ਪਾਸੇ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐਸ. ਆਈ. ਦਿਲਬਾਗ ਸਿੰਘ ਮੁਤਾਬਿਕ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।