18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸੂਬੇ ਦੇ ਲੋਕ ਜੇਕਰ ਸੁਚੱਜੇ ਮੁੱਖ ਮੰਤਰੀ ਦੀ ਚੋਣ ਕਰਨਗੇ ਤਾਂ ਹੀ ਪੰਜਾਬ ਦੀ ਹਰ ਪੱਖੋਂ ਤਰੱਕੀ...

ਖਰੜ, 18 ਨਵੰਬਰ (ਗੁਰਮੁੱਖ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸੂਬੇ ਦੇ ਲੋਕ ਇਕ ਸੁਚੱਜੇ ਮੁੱਖ ਮੰਤਰੀ ਦੀ ਚੋਣ ਕਰਨਗੇ ਤਾਂ ਹੀ ਪੰਜਾਬ ਦੀ ਹਰ ਪੱਖੋਂ ਤਰੱਕੀ ਸੰਭਵ ਹੋ ਸਕੇਗੀ। ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਚੰਗੇ ਮੁੱਖ ਮੰਤਰੀ ਚੋਣ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਪੰਜਾਬ ਹਰ ਖੇਤਰ ਵਿਚ ਦੂਸਰੇ ਸੂਬਿਆਂ ਤੋਂ ਪਛੜ ਕੇ ਰਹਿ ਗਿਆ ਹੈ।

Ad Position 21
No active advertisement
ਅਜੀਤ ਡੈਸਕ 19-11-2026
ਖਰੜ, 18 ਨਵੰਬਰ (ਗੁਰਮੁੱਖ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸੂਬੇ ਦੇ ਲੋਕ ਇਕ ਸੁਚੱਜੇ ਮੁੱਖ ਮੰਤਰੀ ਦੀ ਚੋਣ ਕਰਨਗੇ ਤਾਂ ਹੀ ਪੰਜਾਬ ਦੀ ਹਰ ਪੱਖੋਂ ਤਰੱਕੀ ਸੰਭਵ ਹੋ ਸਕੇਗੀ। ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਚੰਗੇ ਮੁੱਖ ਮੰਤਰੀ ਚੋਣ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਪੰਜਾਬ ਹਰ ਖੇਤਰ ਵਿਚ ਦੂਸਰੇ ਸੂਬਿਆਂ ਤੋਂ ਪਛੜ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸਮੇਂ ਮੁੱਖ ਮੰਤਰੀ ਨੇ ਲੋਕਾਂ ਨਾਲ ਮੇਲ-ਮਿਲਾਪ ਘਟਾ ਦਿੱਤਾ ਸੀ ਅਤੇ ਸੂਬੇ ਲਈ ਕੋਈ ਵਧੀਆਂ ਨੀਤੀ ਨਹੀਂ ਲਿਆਂਦੀ, ਜਦਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਇਕ ਨਿਕੰਮਾ ਤੇ ਜੁਮਲੇਬਾਜ਼ ਮੁੱਖ ਮੰਤਰੀ ਹੈ, ਜਿਸ ਕੋਲ ਸੂਬੇ ਪ੍ਰਤੀ ਕੋਈ ਵਿਜ਼ਨ ਨਹੀਂ ਹੈ ਅਤੇ ਉਹ ਹਰ ਖੇਤਰ ਵਿਚ ਅੱਜ ਤੱਕ ਲੋਕਾਂ ਦੀ ਅਗਵਾਈ ਕਰਨ ਵਿਚ ਅਸਫ਼ਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਰਵਿੰਦਰ ਸਿੰਘ ਖੇੜਾ ਦੀ ਅਗਵਾਈ ‘ਚ ‘ਵਿਜ਼ਨ ਸੁਖਬੀਰ, ਤੁਹਾਡੀ ਗੱਲ-ਪੰਜਾਬ ਦਾ ਕੱਲ੍ਹ’ ਪ੍ਰੋਗਰਾਮ ਤਹਿਤ ਇਕੱਤਰ ਹੋਏ ਹਲਕੇ ਦੇ ਵਾਪਰੀਆਂ, ਉਦਯੋਗਪਤੀਆਂ, ਦੁਕਾਨਦਾਰਾਂ, ਵਾਪਰ ਮੰਡਲ ਤੇ ਸਨਅਤੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਬਿਲਡਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਨਿਊ ਚੰਡੀਗੜ੍ਹ ਦੀਆਂ ਚੌੜੀਆਂ ਸੜਕਾਂ ਤੇ ਏਅਰਪੋਰਟ ਦੀ ਸਥਾਪਨਾ ਸੰਬੰਧੀ ਨੀਤੀਆਂ ਤਿਆਰ ਕਰਨਾ ਸਾਡੀ ਸਰਕਾਰ ਦਾ ਹੀ ਕੰਮ ਸੀ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਮੁੱਖ ਮੰਤਰੀ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਹੀ ਸੂਬੇ ਦਾ ਵਿਕਾਸ ਸੰਭਵ ਹੋ ਸਕਦਾ ਹੈ। ਇਸੇ ਦੌਰਾਨ ਵਾਪਰੀਆਂ ਨਾਲ ਜੀ. ਐੱਸ. ਟੀ. ਬਾਰੇ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਜੀ. ਐੱਸ. ਟੀ. ਕੁਲੈਕਸ਼ਨ ਢਾਈ ਕਰੋੜ ਰੁ. ਪ੍ਰਤੀ ਮਹੀਨਾ ਹੈ, ਜਦਕਿ ਇਸ ਦੇ ਮੁਕਾਬਲੇ ਗੁਆਂਢੀ ਸੂਬੇ ਹਰਿਆਣਾ ਦੀ ਜੀ. ਐੱਸ. ਟੀ. ਕੁਲੈਕਸ਼ਨ 12.50 ਹਜ਼ਾਰ ਕਰੋੜ ਰੁ. ਪ੍ਰਤੀ ਮਹੀਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਜੀ. ਐੱਸ. ਟੀ. ਕੁਲੈਕਸ਼ਨ ਸੂਬੇ ਦੇ ਉਦਯੋਗਿਕ ਵਿਕਾਸ ਨਾਲ ਸੰਬੰਧਿਤ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਫ਼ਰੀਦਾਬਾਦ ਅਤੇ ਗੁੜਗਾਓਂ ਵਿਖੇ ਵੱਡੇ ਪੱਧਰ ‘ਤੇ ਉਦਯੋਗ ਸਥਾਪਿਤ ਕੀਤੇ ਗਏ ਹਨ, ਇਸ ਲਈ ਉਥੋਂ ਦੀ ਜੀ. ਐੱਸ. ਟੀ. ਪੰਜਾਬ ਨਾਲ ਚੌਗਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੀ. ਐੱਸ. ਟੀ. ਵਿਚ ਕੋਈ ਸੁਧਾਰ ਨਹੀਂ ਹੋ ਸਕਿਆ ਕਿਉਂਕਿ ‘ਆਪ’ ਸਰਕਾਰ ਛੋਟੇ ਦੁਕਾਨਦਾਰਾਂ ਦੇ ਪਿੱਛੇ ਪੈ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਵਿਚ ਡਰ ਦੀ ਭਾਵਨਾ ਬਹੁਤ ਦੇਖੀ ਜਾਂਦੀ ਹੈ। ਉਨ੍ਹਾਂ ਅਕਾਲੀ ਦਲ ਦੀ ਸਰਕਾਰ ਵਲੋਂ ਹਰ ਇਕ ਛੋਟੇ ਦੁਕਾਨਦਾਰ ਨੂੰ 10 ਲੱਖ ਰੁ. ਦੀ ਮੈਡੀਕਲ ਇੰਸ਼ੋਰੈਂਸ ਤੇ 25 ਲੱਖ ਦੀ ਲਾਈਫ਼ ਇੰਸ਼ੋਰੈਂਸ ਸਮੇਤ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਡੇ ਪੱਧਰ ‘ਤੇ ਇੰਡਸਟਰੀ ਸਥਾਪਿਤ ਕਰਨ ਲਈ ਇਕ ਪਲੈਡ ਸਿਸਟਮ ਲਿਆਂਦਾ ਜਾਵੇਗਾ, ਜਿਸ ਵਿਚ ਉਦਯੋਗਾਂ ਦੀ ਸਥਾਪਨਾ ਸੰਬੰਧੀ ਪ੍ਰਵਾਨਗੀਆਂ ਇਕ ਹੀ ਦਫ਼ਤਰ ਵਿਖੇ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਉਦਯੋਗ ਦੀ ਸਥਾਪਨਾ ਸੰਬੰਧੀ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਛੋਟੇ ਦੁਕਾਨਦਾਰਾਂ ਨੂੰ ਟੈਕਸਾਂ ਵਿਚ ਖਾਸ ਰਿਆਇਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਆੜ੍ਹਤੀਆਂ ਤੇ ਸ਼ੈਲਰਾਂ ਦਾ ਕਮਿਸ਼ਨ ਘਟਾਇਆ ਹੈ, ਜਿਸ ਨੂੰ ਸਾਡੀ ਸਰਕਾਰ ਵਲੋਂ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਲੋਂ ਸੂਬੇ ਦੀਆਂ ਮੰਡੀਆਂ ‘ਚੋਂ ਕਿਸਾਨਾਂ ਦੀ ਝੋਨੇ ਦੀ ਪੂਰੀ ਫ਼ਸਲ ਨਹੀਂ ਉਠਾਈ ਗਈ, ਜਦਕਿ ਝੋਨਾ ਵਿਕਣ ਲਈ ਮੰਡੀਆਂ ਵਿਚ ਆ ਰਿਹਾ ਹੈ ਤੇ ਸਰਕਾਰ ਨੇ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਅਤਿ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਦੇ ਵੀ ਜ਼ਿਲ੍ਹਿਆਂ ਦੇ ਪੁਲਿਸ ਕਪਤਾਨਾਂ ਨਾਲ ਸਿੱਧੀ ਗੱਲਬਾਤ ਨਹੀਂ ਕਰਦੇ ਅਤੇ ਉਸ ਵਲੋਂ ਹਮੇਸ਼ਾ ਅਮਨ-ਕਾਨੂੰਨ ਡਾਂਗ ਨਾਲ ਸਥਾਪਿਤ ਕੀਤਾ ਜਾਂਦਾ ਹੈ। ਵਿਕਾਸ ਦੇ ਨੁਕਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜ਼ੀਰਕਪੁਰ ਤੋਂ ਸ਼ੁਰੂ ਕਰਕੇ ਨਿਊ ਚੰਡੀਗੜ੍ਹ ਤੱਕ ਦੇ ਸਾਰੇ ਇਲਾਕੇ ਨੂੰ ਗੁੜਗਾਓਂ ਤੇ ਫ਼ਰੀਦਾਬਾਦ ਦੀ ਤਰਜ਼ ‘ਤੇ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਨੂੰ ਆਈ. ਟੀ. ਹੱਬ ਬਣਾਇਆ ਜਾਵੇਗਾ। ਅੰਤ ‘ਚ ਉਨ੍ਹਾਂ ਲੋਕਾਂ ਨੂੰ ਮੁੜ ਤੋਂ ਅਪੀਲ ਕੀਤੀ ਕਿ ਉਹ ਆਗਾਮੀ ਚੋਣਾਂ ਵਿਚ ਸਹੀ ਮੁੱਖ ਮੰਤਰੀ ਦੀ ਚੋਣ ਕਰਨ ਅਤੇ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਰਵਿੰਦਰ ਸਿੰਘ ਖੇੜਾ ਨੂੰ ਜਿਤਾ ਕੇ ਵਿਧਾਨ ਸਭਾ ‘ਚ ਭੇਜਣ। ਇਸ ਮੌਕੇ ਵਪਾਰ ਮੰਡਲ ਖਰੜ ਦੇ ਪ੍ਰਧਾਨ ਅਸ਼ੋਕ ਸ਼ਰਮਾ, ਸੀਡ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਐਸੋਸੀਏਸ਼ਨ ਵਲੋਂ ਅਵੀਨਾਸ਼ ਗੁਪਤਾ, ਕਲਾਥ ਮਾਰਚੈਂਟ ਐਸੋਸੀਏਸ਼ਨ ਵਲੋਂ ਕਮਲਜੀਤ ਕੁਮਾਰ ਅਰੋੜਾ, ਫੋਕਲ ਪੁਆਇੰਟ ਚਨਾਲੋਂ ਐਸੋਸੀਏਸ਼ਨ ਵਲੋਂ ਬਿੱਟੂ ਖੁੱਲਰ, ਆੜ੍ਹਤੀ ਐਸੋਸੀਏਸ਼ਨ ਖਰੜ ਵਲੋਂ ਸੁਨੀਲ ਅਗਰਵਾਲ, ਸ਼ੈਲਰ ਐਸੋਸੀਏਸ਼ਨ ਵਲੋਂ ਜਰਨੈਲ ਸਿੰਘ, ਪ੍ਰਾਪਰਟੀ ਐਸੋਸੀਏਸ਼ਨ ਵਲੋਂ ਡਾ. ਜੋਤੀ ਲਾਲ ਭਾਰਦਵਾਜ, ਕਰਿਆਨਾ ਮਾਰਚੈਂਟ ਐਸੋਸੀਏਸ਼ਨ ਵਲੋਂ ਅਮਨਦੀਪ ਗਰਗ, ਬਾਰ ਐਸੋਸੀਏਸ਼ਨ ਖਰੜ ਵਲੋਂ ਸੁਸ਼ਾਂਤ ਕੌਸ਼ਿਕ ਅਤੇ ਸਪੋਰਟਸ ਇੰਡੀਆ ਵਲੋਂ ਅਨਿਲ ਕੁਮਾਰ ਸਮੇਤ ਹੋਰਨਾਂ ਵਪਾਰੀਆਂ ਵਲੋਂ ਵੀ ਆਪੋ-ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਪਾਰ ਵਿੰਗ ਦੇ ਪ੍ਰਧਾਨ ਐੱਨ. ਕੇ. ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਹਰਜਿੰਦਰ ਸਿੰਘ ਬਲੌਂਗੀ, ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ, ਐਸ. ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ, ਪਰਮਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਅੱਮੂ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਵਰਕਰ ਤੇ ਸਮਰਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ੍ਰੀਹੋਲਡ ਅਧਿਕਾਰਾਂ ਸੰਬੰਧੀ ਨੋਟੀਫਿਕੇਸ਼ਨ ਉਨ੍ਹਾਂ ਦੀ 29 ਮਹੀਨਿਆਂ ਦੀ ਲਗਾਤਾਰ ਮੁਹਿੰਮ ਦਾ ਨਤੀਜਾ-ਮਨੀਸ਼ ਤਿਵਾੜੀ ਅਗਲੀ ਖ਼ਬਰ 5.50 ਗ੍ਰਾਮ ਚਿੱਟੇ ਸਮੇਤ ਦੋ ਨੌਜਵਾਨ ਕਾਬੂ
Ad Position 24