ਚੋਣ ਕਮਿਸ਼ਨ ਨੂੰ ਭੇਜੇ ਜਾਣ ਵਾਲੇ ਪ੍ਰਸਤਾਵਾਂ ਦੀ ਪਹਿਲਾਂ ਹੋਵੇਗੀ ਪੜਤਾਲ
ਚੰਡੀਗੜ੍ਹ, 23 ਨਵੰਬਰ (ਸੰਦੀਪ ਕੁਮਾਰ ਮਾਹਨਾ)- ਚੋਣ ਪ੍ਰਕਿਰਿਆ ਦੌਰਾਨ ਪ੍ਰਸ਼ਾਸਨਿਕ ਫ਼ੈਸਲਿਆਂ ਅਤੇ ਪ੍ਰਸਤਾਵਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੀਂ ਪ੍ਰਕਿਰਿਆ ਤੈਅ ਕੀਤੀ ਹੈ। ਇਸ ਅਨੁਸਾਰ ਸੁੂਬਾ ਚੋਣ ਕਮਿਸ਼ਨ ਦੀ ਪ੍ਰਵਾਨਗੀ ਲਈ ਭੇਜੇ ਜਾਣ ਵਾਲੇ ਹਰ ਪ੍ਰਸਤਾਵ ਦੀ ਪਹਿਲਾਂ ਉੱਚ ਪੱਧਰੀ ਕਮੇਟੀ ਵਲੋਂ ਜਾਂਚ ਕੀਤੀ ਜਾਵੇਗੀ।
ਚੰਡੀਗੜ੍ਹ, 23 ਨਵੰਬਰ (ਸੰਦੀਪ ਕੁਮਾਰ ਮਾਹਨਾ)- ਚੋਣ ਪ੍ਰਕਿਰਿਆ ਦੌਰਾਨ ਪ੍ਰਸ਼ਾਸਨਿਕ ਫ਼ੈਸਲਿਆਂ ਅਤੇ ਪ੍ਰਸਤਾਵਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੀਂ ਪ੍ਰਕਿਰਿਆ ਤੈਅ ਕੀਤੀ ਹੈ। ਇਸ ਅਨੁਸਾਰ ਸੁੂਬਾ ਚੋਣ ਕਮਿਸ਼ਨ ਦੀ ਪ੍ਰਵਾਨਗੀ ਲਈ ਭੇਜੇ ਜਾਣ ਵਾਲੇ ਹਰ ਪ੍ਰਸਤਾਵ ਦੀ ਪਹਿਲਾਂ ਉੱਚ ਪੱਧਰੀ ਕਮੇਟੀ ਵਲੋਂ ਜਾਂਚ ਕੀਤੀ ਜਾਵੇਗੀ। ਯੂ. ਟੀ. ਦੇ ਪ੍ਰਸ਼ਾਸਕ ਵਲੋਂ ਗਠਿਤ ਇਸ ਸਕ੍ਰੀਨਿੰਗ ਕਮੇਟੀ ਦੀ ਅਗਵਾਈ ਚੰਡੀਗੜ੍ਹ ਦੇ ਮੁੱਖ ਸਕੱਤਰ ਕਰਨਗੇ, ਜਦਕਿ ਸਕੱਤਰ (ਤਾਲਮੇਲ) ਤੇ ਸਬੰਧਿਤ ਵਿਭਾਗਾਂ ਦੇ ਮੁਖੀ ਇਸ ਦੇ ਮੈਂਬਰ ਹੋਣਗੇ। ਪ੍ਰਸ਼ਾਸਨ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸੁੂਬਾ ਚੋਣ ਕਮਿਸ਼ਨ ਦੀ ਪ੍ਰਵਾਨਗੀ ਦੀ ਲੋੜ ਵਾਲੇ ਸਾਰੇ ਪ੍ਰਸਤਾਵ ਸਬੰਧਿਤ ਵਿਭਾਗਾਂ ਵਲੋਂ ਸਭ ਤੋਂ ਪਹਿਲਾਂ ਸਕ੍ਰੀਨਿੰਗ ਕਮੇਟੀ ਸਾਹਮਣੇ ਪੇਸ਼ ਕਰਨੇ ਲਾਜ਼ਮੀ ਹੋਣਗੇ। ਕਮੇਟੀ ਵਲੋਂ ਇਨ੍ਹਾਂ ਪ੍ਰਸਤਾਵਾਂ ਦੀ ਜਾਂਚ ਚੋਣ ਕਮਿਸ਼ਨ ਦੇ ਮੌਜੂਦਾ ਨਿਰਦੇਸ਼ਾਂ ਤੇ ਸਮੇਂ-ਸਮੇਂ ‘ਤੇ ਜਾਰੀ ਕੀਤੇ ਗਏ ਸਪੱਸ਼ਟੀਕਰਨਾਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਕਮੇਟੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪ੍ਰਸਤਾਵ ਪੂਰੇ ਵੇਰਵਿਆਂ ਸਮੇਤ ਕਮਿਸ਼ਨ ਨੂੰ ਭੇਜੇ ਜਾ ਸਕਣਗੇ। ਇਸ ਦੇ ਨਾਲ ਇਕ ਵਿਸ਼ੇਸ਼ ਨੋਟ ਲਗਾਉਣਾ ਵੀ ਲਾਜ਼ਮੀ ਹੋਵੇਗਾ, ਜਿਸ ਵਿਚ ਪ੍ਰਸਤਾਵ ਦੀ ਤੁਰੰਤ ਲੋੜ ਬਾਰੇ ਦੱਸਣ ਦੇ ਨਾਲ ਇਹ ਸਪੱਸ਼ਟ ਕਰਨਾ ਪਵੇਗਾ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਸਬੰਧਿਤ ਮਾਮਲੇ ਨੂੰ ਕਿਉਂ ਨਹੀਂ ਟਾਲਿਆ ਜਾ ਸਕਦਾ। ਪ੍ਰਸ਼ਾਸਨ ਨੇ ਸਾਰੇ ਵਿਭਾਗਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਕੋਈ ਵੀ ਪ੍ਰਸਤਾਵ ਸਿੱਧਾ ਸੁੂਬਾ ਚੋਣ ਕਮਿਸ਼ਨ ਨੂੰ ਨਾ ਭੇਜਣ। ਸਿਰਫ਼ ਸਕ੍ਰੀਨਿੰਗ ਕਮੇਟੀ ਵਲੋਂ ਪ੍ਰਵਾਨ ਕੀਤੇ ਗਏ ਅਤੇ ਪੂਰੇ ਵੇਰਵਿਆਂ ਵਾਲੇ ਪ੍ਰਸਤਾਵ ਹੀ ਕਮਿਸ਼ਨ ਕੋਲ ਭੇਜੇ ਜਾਣਗੇ। ਇਸ ਤੋਂ ਇਲਾਵਾ ਵਿਭਾਗਾਂ ਨੂੰ ਮੂਲ ਫਾਈਲਾਂ ਕਮਿਸ਼ਨ ਕੋਲ ਭੇਜਣ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਵਿਭਾਗਾਂ ਨੂੰ ਆਖ਼ਰੀ ਸਮੇਂ ‘ਤੇ ਪ੍ਰਸਤਾਵ ਭੇਜਣ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਇਸ ਸਬੰਧੀ ਕਿਹਾ ਗਿਆ ਹੈ ਕਿ ਕਮਿਸ਼ਨ ਨੂੰ ਕਿਸੇ ਵੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਉਸ ਬਾਰੇ ਢੁਕਵਾਂ ਫ਼ੈਸਲਾ ਲੈਣ ਲਈ ਲੋੜੀਂਦਾ ਸਮਾਂ ਮਿਲਣਾ ਚਾਹੀਦਾ ਹੈ। ਨਵੀਂ ਵਿਵਸਥਾ ਦਾ ਉਦੇਸ਼ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਜੁੜੇ ਮਾਮਲਿਆਂ ਦੀ ਪ੍ਰਕਿਰਿਆ ਨੂੰ ਵਧੇਰੇ ਵਿਵਸਥਿਤ ਤੇ ਸੁਚਾਰੂ ਬਣਾਉਣਾ ਹੈ।