ਚੰਡੀਗੜ੍ਹ ’ਚ ਐਰਟਿਗਾ ਕਾਰ ਸਮੇਤ ਵੱਖ-ਵੱਖ ਬ੍ਰਾਂਡਾਂ ਦੀਆਂ 264 ਬੋਤਲਾਂ ਸ਼ਰਾਬ ਬਰਾਮਦ
ਚੰਡੀਗੜ੍ਹ, 23 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੌਰਾਨ ਸੈਕਟਰ-31 ਥਾਣਾ ਖੇਤਰ ਅਧੀਨ ਪੈਂਦੇ ਫ਼ੇਜ਼2 ਇੰਡਸਟਰੀਅਲ ਏਰੀਆ ਵਿਚੋਂ ਇਕ ਐਰਟਿਗਾ ਕਾਰ ਵਿਚੋਂ ਵੱਖ-ਵੱਖ ਬ੍ਰਾਂਡਾਂ ਦੀਆਂ ਸ਼ਰਾਬ ਦੀਆਂ 264 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਬਰਾਮਦ ਕੀਤੀ ਗਈ ਸ਼ਰਾਬ ਵਿਚ ਅੱਠ ਵੱਖ-ਵੱਖ ਬ੍ਰਾਂਡ ਸ਼ਾਮਲ ਹਨ।
ਚੰਡੀਗੜ੍ਹ, 23 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੌਰਾਨ ਸੈਕਟਰ-31 ਥਾਣਾ ਖੇਤਰ ਅਧੀਨ ਪੈਂਦੇ ਫ਼ੇਜ਼2 ਇੰਡਸਟਰੀਅਲ ਏਰੀਆ ਵਿਚੋਂ ਇਕ ਐਰਟਿਗਾ ਕਾਰ ਵਿਚੋਂ ਵੱਖ-ਵੱਖ ਬ੍ਰਾਂਡਾਂ ਦੀਆਂ ਸ਼ਰਾਬ ਦੀਆਂ 264 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਬਰਾਮਦ ਕੀਤੀ ਗਈ ਸ਼ਰਾਬ ਵਿਚ ਅੱਠ ਵੱਖ-ਵੱਖ ਬ੍ਰਾਂਡ ਸ਼ਾਮਲ ਹਨ। ਪੁਲਿਸ ਨੇ ਇਸ ਸਬੰਧੀ 21 ਨਵੰਬਰ ਦੀ ਦੇਰ ਰਾਤ ਨੂੰ ਐਕਸਾਈਜ਼ ਐਕਟ ਦੀ ਧਾਰਾ 61-1-14 ਤਹਿਤ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ੇਜ਼2 ਇੰਡਸਟਰੀਅਲ ਏਰੀਆ ਦੇ ਪਲਾਟ ਨੰਬਰ 634 ਨੇੜੇ ਇਕ ਐਰਟਿਗਾ ਕਾਰ ਖੜ੍ਹੀ ਹੋਈ ਸੀ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੰਜਾਬ ਦਾ ਹੈ। ਸ਼ੱਕ ਦੇ ਆਧਾਰ ’ਤੇ ਕਾਰ ਦੀ ਜਾਂਚ ਕਰਨ ਦੌਰਾਨ ਉਸ ਵਿਚੋਂ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਹੋਈ। ਬਰਾਮਦ ਕੀਤੀਆਂ ਬੋਤਲਾਂ ਵਿਚ ਮੈਕਡੋਵਲਜ਼ ਦੀਆਂ 72, ਬਲੈਂਡਰਜ਼ ਦੀਆਂ 63, ਰਾਇਲ ਚੈਲੰਜ ਦੀਆਂ 36, ਟੈਮਰਲੇਨ ਬਲੈਂਡਰ ਦੀਆਂ 16, ਬਲੈਂਡਰਜ਼ ਪ੍ਰਾਈਡ ਦੀਆਂ 48, ਜੇਮਸਨ ਦੀਆਂ 18, ਗੋਦਾਵਨ ਦੀਆਂ 3 ਅਤੇ ਬੈਲਨਟਾਈਨਜ਼ ਦੀਆਂ 8 ਬੋਤਲਾਂ ਸ਼ਾਮਲ ਹਨ। ਇਸ ਸਬੰਧੀ ਥਾਣਾ ਸੈਕਟਰ-31 ਦੇ ਐੱਸ.ਐੱਚ.ਓ ਨੇ ਦੱਸਿਆ ਕਿ ਕਾਰ ਵਿਚੋਂ ਸ਼ਰਾਬ ਬਰਾਮਦ ਹੋਣ ਤੋਂ ਬਾਅਦ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਪੁੱਛਗਿੱਛ ਉਪਰੰਤ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਰਾਬ ਦੀ ਸਪਲਾਈ ਦੇ ਸਰੋਤ ਅਤੇ ਇਸ ਨੂੰ ਕਿੱਥੇ ਪਹੁੰਚਾਇਆ ਜਾਣਾ ਸੀ, ਇਸ ਸਬੰਧੀ ਵੀ ਪੜਤਾਲ ਕੀਤੀ ਜਾ ਰਹੀ ਹੈ।