ਪੀ. ਸੀ. ਐਸ. ਭਰਤੀ 2025 ਸੰਬੰਧੀ ਉੱਠਿਆ ਵਿਵਾਦ ਮੰਦਭਾਗਾ : ਸੂਚੀਬੱਧ ਪ੍ਰੀਖਿਆਰਥੀ
ਚੰਡੀਗੜ੍ਹ, 23 ਨਵੰਬਰ (ਸੁਖਵਿੰਦਰ ਸਿੰਘ ਸ਼ਾਨ )-ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਪੀ. ਸੀ.
ਚੰਡੀਗੜ੍ਹ, 23 ਨਵੰਬਰ (ਸੁਖਵਿੰਦਰ ਸਿੰਘ ਸ਼ਾਨ )-ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਪੀ. ਸੀ. ਐਸ. ਭਰਤੀ 2025 ਸੰਬੰਧੀ ਉੱਠੇ ਵਿਵਾਦ ਨੂੰ ਇਸ ਪ੍ਰੀਖਿਆ ਵਿਚ ਸੂਚੀਬੱਧ (ਸ਼ਾਰਟਲਿਸਟ) ਹੋਏ ਪ੍ਰੀਖਿਆਰਥੀਆਂ ਨੇ ਮੰਦਭਾਗਾ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਪੀ.ਸੀ.ਐਸ ਭਰਤੀ ਪ੍ਰੀਖਿਆ ਅਤੇ ਹੋਰ ਪ੍ਰਕ੍ਰਿਆ ਨਕਲ ਰਹਿਤ, ਨਿਰਪੱਖ ਅਤੇ ਯੂ.ਪੀ.ਐਸ.ਸੀ ਨਿਯਮਾਂ ਅਨੁਸਾਰ ਮੁਕੰਮਲ ਹੋ ਰਹੀ ਹੈ। ਇਸ ਵਿਵਾਦ ਸੰਬੰਧੀ ਚੰਡੀਗੜ੍ਹ ਪਸ ਕਲੱਬ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਸੂਚੀਬੱਧ ਪ੍ਰੀਖਿਆਰਥੀਆਂ ਰਿਟਾਇਰਡ ਲੈਫ਼ਟੀਨੈਂਟ ਕਰਨਲ ਅਮਨਦੀਪ ਕੌਰ, ਸ਼ਿਵ ਕੁਮਾਰ, ਆਰਮੀ ਪਰਿਵਾਰ ਤੋਂ ਬੀਬਾ ਕਮਲ, ਅਰਮਾਨਦੀਪ ਸਿੰਘ ਅਤੇ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਪੀ.ਸੀ.ਐਸ ਭਰਤੀ 2025 ਸੰਬੰਧੀ ਉਠਿਆ ਵਿਵਾਦ ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਭਰਤੀ ਪ੍ਰੀਕ੍ਰਿਆ ਬਿਲਕੁੱਲ ਪਾਰਦਰਸ਼ੀ, ਨਿਰਪੱਖ ਅਤੇ ਕੇਂਦਰੀ ਭਰਤੀ ਨਿਯਮਾਂ ਨਾਲ ਹੋ ਰਹੀ ਸੀ, ਪਰ ਕੁੱਝ ਪ੍ਰੀਖਿਆਰਥੀ ਜੋ ਸੂਚੀਬੱਧ ਨਹੀਂ ਹੋਏ ਉਨ੍ਹਾਂ ਇਸ ਭਰਤੀ ਨੂੰ ਹਾਈਕੋਰਟ ਵਿਚ ਵੰਗਾਰ ਕੇ ਸੈਂਕੜੇ ਨੌਜਵਾਨਾਂ ਦੇ ਭਵਿੱਖ ਨੂੰ ਅੰਧੇਰੇ ਵਿਚ ਧੱਕ ਦਿੱਤਾ ਹੈ। ਰਿਟਾਇਰਡ ਲੈਫ਼ਟੀਨੈਂਟ ਕਰਨਲ ਅਮਨਦੀਪ ਕੌਰ ਨੇ ਕਿਹਾ ਕਿ ਭਰਤੀ ਪ੍ਰੀਕ੍ਰਿਆ ਵਿਚ ਜੇਕਰ ਕੋਈ ਨਕਲ, ਪੱਖਪਾਤ ਜਾਂ ਹੇਰਾਫੇਰੀ ਹੋਈ ਸੀ ਤਾਂ ਪਹਿਲੀ ਪ੍ਰੀਖਿਆ ਜਾਂ ਮੇਨ ਪ੍ਰੀਖਿਆ ਸਮੇਂ ਬੋਲਣਾ ਚਾਹੀਦਾ ਸੀ? ਹੁਣ ਜਦੋਂ ਸੂਚੀਬੱਧ (ਸ਼ਾਰਟਲਿਸਟ) ਹੋਏ ਪ੍ਰੀਖਿਆਰਥੀਆਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਕੁੱਝ ਵਿਅਕਤੀਆਂ ਦੇ ਨਾਂਅ ਨਹੀਂ ਹਨ ਤਾਂ ਜਾਣਬੁੱਝ ਕੇ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਪ੍ਰੀਖਿਆਰਥੀ ਸ਼ਿਵ ਕੁਮਾਰ ਨੇ ਦੱਸਿਆ ਕਿ ਇਹ ਭਰਤੀ ਪ੍ਰੀਕ੍ਰਿਆ ਪੂਰੀ ਨਹੀਂ ਹੋਈ, ਪਰ ਜਾਣਬੁੱਝ ਕੇ ਗ਼ਰੀਬ ਨੌਜਵਾਨਾਂ ਦੇ ਰਾਹਾਂ ਵਿਚ ਅੜਿੱਕੇ ਢਾਹੇ ਜਾ ਰਹੇ ਹਨ। ਪ੍ਰੀਖਿਆਰਥੀਆਂ ਨੇ ਕਿਹਾ ਕਿ ਢੁਕਵੇਂ ਸਮੇਂ ’ਤੇ ਉਹ ਅਦਾਲਤ ਵਿਚ ਆਪਣਾ ਪੱਖ ਜ਼ਰੂਰ ਪੇਸ਼ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਪੀ.ਸੀ.ਐਸ ਪ੍ਰੀਖਿਆ ਵਿਚ ਸੂਚੀਬੱਧ ਹੋਏ ਨੌਜਵਾਨ ਮੁੰਡੇ, ਕੁੜੀਆਂ ਵੱਡੀ ਗਿਣਤੀ ਵਿਚ ਹਾਜ਼ਰ ਸਨ।