ਐੱਸ. ਏ. ਐੱਸ. ਨਗਰ, 26 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਖੇਡੇ ਜਾ ਰਹੇ ਪੰਜਾਬ ਹਾਕੀ ਲੀਗ ਸੀਜ਼ਨ 2026 ਦੇ 8ਵੇਂ ਦਿਨ ਰਾਊਂਡ ਗਲਾਸ ਹਾਕੀ ਅਕੈਡਮੀ ਨੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ ਸਖ਼ਤ ਮੁਕਾਬਲੇ ਵਿਚ 2-1 ਗੋਲਾਂ ਦੇ ਅੰਤਰ ਨਾਲ ਹਰਾ ਕੇ ਆਪਣਾ ਅਜੇਤੂ ਸਿਲਸਿਲਾ ਬਰਕਰਾਰ ਰੱਖਿਆ। ਇਸ ਜਿੱਤ ਨਾਲ ਰਾਊਂਡ ਗਲਾਸ ਟੀਮ ਨੇ ਲਗਾਤਾਰ 5ਵੀਂ ਜਿੱਤ ਦਰਜ ਕਰਕੇ ਅੰਕ ਸੂਚੀ ਵਿਚ ਆਪਣੀ ਪਹਿਲੀ ਪੁਜ਼ੀਸ਼ਨ ਹੋਰ ਮਜ਼ਬੂਤ ਕਰ ਲਈ ਹੈ। ਇਸੇ ਤਰ੍ਹਾਂ ਗੌਰਮਿੰਟ ਹਾਕੀ ਅਕੈਡਮੀ ਸੋਨੀਪਤ ਨੇ ਘੁਮਨਹੇੜਾ ਰਾਈਜਰਜ਼ ਅਕੈਡਮੀ ਨਵੀਂ ਦਿੱਲੀ ਨੂੰ 3- 1 ਗੋਲਾਂ ਦੇ ਅੰਤਰ ਨਾਲ ਹਰਾਇਆ, ਜਦਕਿ ਨਾਮਧਾਰੀ ਇਲੈਵਨ ਨੇ ਰਿਪਬਲਿਕਨ ਸਪੋਰਟਸ ਕਲੱਬ ਮੁੰਬਈ ਨੂੰ 7-1 ਗੋਲਾਂ ਦੇ ਅੰਤਰ ਨਾਲ ਕਰਾਰੀ ਮਾਤ ਦਿੱਤੀ। 8ਵੇਂ ਦਿਨ ਦੇ ਮੁਕਾਬਲਿਆਂ ਤੋਂ ਬਾਅਦ ਰਾਊਂਡ ਗਲਾਸ ਹਾਕੀ ਅਕੈਡਮੀ 5 ਮੈਚਾਂ ਵਿਚ ਜਿੱਤ ਨਾਲ 15 ਅੰਕਾਂ ਹਾਸਿਲ ਕਰਕੇ ਅੰਕ ਸੂਚੀ ਵਿਚ ਸਿਖਰ ‘ਤੇ ਮਜ਼ਬੂਤੀ ਨਾਲ ਖੜ੍ਹੀ ਹੈ। ਟੀਮ ਨੇ ਆਪਣੇ ਨੇੜਲੇ ਵਿਰੋਧੀਆਂ ਤੋਂ ਤਿੰਨ ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ। ਉੜੀਸਾ ਨੇਵਲ ਟਾਟਾ ਹਾਕੀ ਐੱਚ. ਪੀ. ਸੀ. (4 ਮੈਚ ਜਿੱਤਣ ਕਰਕੇ), ਘੁਮਨਹੇੜਾ ਰਾਈਜ਼ਰਜ਼ ਅਕੈਡਮੀ ਨਵੀਂ ਦਿੱਲੀ (6 ਮੈਚ ਜਿੱਤਣ ਕਰਕੇ) ਅਤੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ (5 ਮੈਚ ਜਿੱਤਣ ਕਰਕੇ) ਦੇ ਖਾਤੇ ਵਿਚ 12-12 ਅੰਕ ਹਨ। ਪੰਜਾਬ ਹਾਕੀ ਲੀਗ ਸੀਜ਼ਨ-2026 ਦੇ 9ਵੇਂ ਦਿਨ 27 ਨਵੰਬਰ ਨੂੰ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਤੇ ਸੈਫਈ ਬਨਾਮ ਗੌਰਮਿੰਟ ਹਾਕੀ ਅਕੈਡਮੀ ਸੋਨੀਪਤ ਵਿਚਕਾਰ ਸਵੇਰੇ 11 ਵਜੇ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ ਅਤੇ ਓਡੀਸ਼ਾ ਨੇਵਲ ਟਾਟਾ ਹਾਕੀ ਐੱਚ. ਪੀ. ਸੀ. ਤੇ ਨਾਮਧਾਰੀ ਇਲੈਵਨ ਵਿਚਕਾਰ ਦੁਪਹਿਰ 1 ਵਜੇ ਦੂਜਾ ਮੁਕਾਬਲਾ ਹੋਵੇਗਾ, ਜਦਕਿ ਸਪੋਰਟਸ ਡਿਵੈਲਪਮੈਂਟ ਅਥਾਰਿਟੀ ਆਫ਼ ਤਾਮਿਲਨਾਡੂ ਤੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਵਿਚਕਾਰ ਦੁਪਹਿਰ 3 ਵਜੇ ਤੀਜਾ ਮੁਕਾਬਲਾ ਖੇਡਿਆ ਜਾਵੇਗਾ।