ਸਰਦੂਲਗੜ੍ਹ, 4 ਜਨਵਰੀ (ਜੀ.ਐਮ ਅਰੋੜਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਝੰਡਾ ਕਲਾਂ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਆਲੋਕਿਕ ਢੰਗ ਨਾਲ ਸਜਾਇਆ ਗਿਆ ਸੀ | ਹੈੱਡ ਗ੍ਰੰਥੀ ਬਾਬਾ ਗੁਰਦੇਵ ਸਿੰਘ ਵਲੋਂ ਅਰਦਾਸ ਕੀਤੇ ਜਾਣ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਦੀ ਰਵਾਨਗੀ ਹੋਈ | ਜੋ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ | ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਵਿਖਾਏ ਅਤੇ ਨਿਹੰਗ ਸਿੰਘਾਂ ਵਲੋਂ ਘੋੜ ਸਵਾਰੀ ਵੀ ਕੀਤੀ ਗਈ | ਰਾਗੀ ਸਿੰਘਾਂ ਵਲੋਂ ਰਸ ਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੇਜਰ ਸਿੰਘ, ਹੈੱਡ ਗ੍ਰੰਥੀ ਬਾਬਾ ਗੁਰਦੇਵ ਸਿੰਘ, ਅਮਰੀਕ ਸਿੰਘ,ਇਕਬਾਲ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ, ਬਲਕਾਰ ਸਿੰਘ, ਜਗਜੀਤ ਸਿੰਘ ਨੰਬਰਦਾਰ, ਰਾਗੀ ਸਤਕਰਤਾਰ ਸਿੰਘ, ਸਾਹਿਬ ਸਿੰਘ, ਜਸਵੰਤ ਸਿੰਘ ਥਿੰਦ ਆਦਿ ਹਾਜ਼ਰ ਸਨ |