ਬਠਿੰਡਾ, 4 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦਾ ਚੋਣ ਇਜਲਾਸ ਸਥਾਨਕ ਟੀਚਰਜ਼ ਹੋਮ ਵਿਖੇ ਹੋਇਆ, ਜਿਸ ਦੌਰਾਨ ਸਭਾ ਦੀ ਨਵੀਂ ਚੋਣ ਕੀਤੀ ਗਈ | ਚੋਣ ਪ੍ਰਕਿਰਿਆ ਤੋਂ ਪਹਿਲਾਂ ਸ਼ਾਇਰ ਅਜ਼ੀਮ ਸ਼ੇਖਰ ਦੇ ਪਿਤਾ ਬਲਦੇਵ ਰਾਮ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਪਰੰਤ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਸਭਾ ਦੇ ਦੋ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ | ਇਸ ਉਪਰੰਤ ਚੋਣ ਨਿਗਰਾਨ ਭੋਲਾ ਸਿੰਘ ਸ਼ਮੀਰੀਆ ਦੀ ਨਿਗਰਾਨੀ ਹੇਠ ਅਗਲੇ ਦੋ ਸਾਲਾਂ ਲਈ ਸਭਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਜਸਪਾਲ ਮਾਨਖੇੜਾ ਨੂੰ ਪ੍ਰਧਾਨ ਅਤੇ ਰਣਜੀਤ ਗੌਰਵ ਜਨਰਲ ਸਕੱਤਰ ਚੁਣਿਆ ਗਿਆ | ਉਨ੍ਹਾਂ ਤੋਂ ਇਲਾਵਾ ਗੁਰਦੇਵ ਖੋਖਰ ਨੂੰ ਸਰਪ੍ਰਸਤ, ਬਲਵਿੰਦਰ ਸਿੰਘ ਭੁੱਲਰ ਨੂੰ ਸੀਨੀਅਰ ਉੱਪ-ਪ੍ਰਧਾਨ, ਦਿਲਬਾਗ ਸਿੰਘ ਨੂੰ ਉੱਪ-ਪ੍ਰਧਾਨ, ਅਗਾਜ਼ਬੀਰ ਨੂੰ ਸਕੱਤਰ, ਅਮਨ ਦਾਤੇਵਾਸ ਨੂੰ ਪ੍ਰਚਾਰ ਸਕੱਤਰ, ਰਮੇਸ਼ ਕੁਮਾਰ ਗਰਗ ਨੂੰ ਖ਼ਜ਼ਾਨਚੀ ਤੇ ਸੋਸ਼ਲ ਮੀਡੀਆ ਇੰਚਾਰਜ ਚੁਣਿਆ ਗਿਆ | ਨਵੀਂ ਚੁਣੀ ਗਈ ਕਮੇਟੀ ਨੂੰ ਕਾਰਜਕਾਰੀ ਕਮੇਟੀ ਦੀ ਚੋਣ ਲਈ ਅਧਿਕਾਰ ਦਿੱਤੇ ਗਏ | ਇਸ ਮੌਕੇ ਸਭਾ ਵਲੋਂ ਜੇ.ਸੀ. ਪਰਿੰਦਾ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਤੇ ਪਹਿਲਾ ਇਨਾਮ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਮਰਹੂਮ ਕਾ: ਜਰਨੈਲ ਭਾਈਰੂਪਾ ਨੂੰ ਦਿੱਤਾ ਗਿਆ | ਇਸ ਤੋਂ ਇਲਾਵਾ ਸਵ. ਜਗਮੋਹਣ ਕੌਸ਼ਲ, ਜਗਦੀਸ ਘਈ, ਜੇ.ਸੀ. ਪਰਿੰਦਾ ਦੀ ਯਾਦ ਨੂੰ ਸਮਰਪਿਤ ਸਮਾਗਮ 'ਚ ਸੱਤ ਲੋਕ ਪੱਖੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਭਾ ਨੇ ਮਤੇ ਪਾਸ ਕਰਕੇ ਪੱਤਰਕਾਰਾਂ 'ਤੇ ਦਰਜ ਕੀਤੇ ਮੁਕੱਦਮੇ ਰੱਦ ਕਰਨ ਅਤੇ ਜ਼ਮੀਨ ਪ੍ਰਾਪਤੀ ਮੁਹਿੰਮ ਦੇ ਆਗੂ ਮੁਕੇਸ਼ ਮਲੌਦ ਨੰੂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ | ਇਸ ਮੌਕੇ ਨੰਦ ਸਿੰਘ ਮਹਿਤਾ, ਲਛਮਣ ਸਿੰਘ ਮਲੂਕਾ, ਰਣਬੀਰ ਰਾਣਾ, ਜਸਵਿੰਦਰ ਜਸ, ਰਵਿੰਦਰ ਸਿੰਘ ਸੰਧੂ, ਅਮਰ ਸਿੰਘ ਸਿੱਧੂ, ਪਵਨ ਕੁਮਾਰ ਜਿੰਦਲ, ਸੁਰਿੰਦਰ ਸਿੰਗਲਾ, ਚਰਨਜੀਤ ਸ਼ਰਮਾ, ਨਿਰੰਜਣ ਸਿੰਘ ਪ੍ਰੇਮੀ, ਜਸਵਿੰਦਰ ਸੁਰਗੀਤ, ਮਾ: ਕਰਨੈਲ ਸਿੰਘ, ਰਾਮ ਦਿਆਲ ਸੇਖੋਂ, ਕਮਲਪ੍ਰੀਤ, ਤੇਜਾ ਸਿੰਘ ਪ੍ਰੇਮੀ, ਸੁਖਬੀਰ ਕੌਰ ਸਰਾਂ, ਕਮਲ ਬਠਿੰਡਾ, ਅਮਨਦੀਪ ਕੌਰ ਮਾਨ, ਜਸਵਿੰਦਰ ਕੌਰ ਸੇਮਾ ਸਮੇਤ ਵੱਡੀ ਗਿਣਤੀ 'ਚ ਸਹਿਤਕਾਰ ਤੇ ਲੇਖਕ ਮੌਜੂਦ ਸਨ |