ਬੁਢਲਾਡਾ, 4 ਜਨਵਰੀ (ਰਾਹੀ)- ਕੇਂਦਰ ਸਰਕਾਰ ਵਲੋਂ ਮਗਨਰੇਗਾ ਕਾਨੂੰਨ ਦੀ ਥਾਂ ਨਵਾਂ ਪੇਂਡੂ ਰੋਜ਼ਗਾਰ ਬਿੱਲ ਲਿਆਉਣ ਦੇ ਵਿਰੋਧ 'ਚ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਮਨਾਏ ਜਾ ਰਹੇ ਰੋਸ ਪੰਦ੍ਹਰਵਾੜੇ ਤਹਿਤ ਜਥੇਬੰਦੀ ਦੇ ਆਗੂ ਸੀਤਾਰਾਮ ਗੋਬਿੰਦਪੁਰਾ ਅਤੇ ਏਟਕ ਆਗੂ ਜਗਸੀਰ ਸਿੰਘ ਰਾਏਕੇ ਦੀ ਅਗਵਾਈ ਹੇਠ ਪਿੰਡ ਬੱਛੋਆਣਾ, ਬੋੜਾਵਾਲ, ਫੂਲੁਵਾਲਾ ਡੋਗਰਾ ਅਤੇ ਕਾਸਿਮਪੁਰ ਛੀਨਾ ਵਿਖੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਸੰਬੋਧਨ ਕਰਦਿਆਂ ਸੂਬਾਈ ਆਗੂ ਕਾ. ਕਿ੍ਸ਼ਨ ਸਿੰਘ ਚੌਹਾਨ ਨੇ ਕਿਹਾ ਕਿ ਮਗਨਰੇਗਾ ਕਾਨੂੰਨ ਬਦਲਣਾ ਕੇਂਦਰ ਸਰਕਾਰ ਦਾ ਮਜ਼ਦੂਰ ਵਿਰੋਧੀ ਕਦਮ ਹੈ | ਉਨ੍ਹਾਂ ਕਿਹਾ ਭਾਜਪਾ ਵਲੋਂ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਰੋਜ਼ਗਾਰ ਸਬੰਧੀ ਸ਼ਰੇਆਮ ਝੂਠ ਬੋਲਿਆ ਜਾ ਰਿਹਾ ਹੈ, ਜਦੋਂ ਕਿ ਅਮਲ 'ਚ ਨਵੇਂ ਕਾਨੂੰਨ ਮੁਤਾਬਿਕ ਕਾਮਿਆਂ ਨੂੰ ਰੋਜ਼ਗਾਰ ਮੁਹੱਈਆ ਹੀ ਨਹੀਂ ਹੋ ਸਕਦਾ, ਕਿਉਂਕਿ ਮੋਦੀ ਸਰਕਾਰ ਵਲੋਂ ਰਾਜ ਸਰਕਾਰਾਂ 'ਤੇ 40 ਫ਼ੀਸਦੀ ਦਾ ਵੱਡਾ ਆਰਥਿਕ ਬੋਝ ਪਾਉਣ ਕਰ ਕੇ ਉਹ ਆਪਣਾ ਬਣਦਾ ਯੋਗਦਾਨ ਨਹੀਂ ਪਾ ਸਕਣਗੀਆਂ | ਆਗੂਆਂ ਨੇ ਕਿਹਾ ਕਿ ਮਜ਼ਦੂਰ ਪੱਖੀ ਇਤਿਹਾਸਕ ਮਗਨਰੇਗਾ ਕਾਨੂੰਨ 'ਚੋਂ ਮਹਾਤਮਾਂ ਗਾਂਧੀ ਦਾ ਨਾਮ ਜਾਣ ਬੁੱਝ ਕੇ ਹਟਾਉਣਾ ਪ੍ਰਸ਼ਾਸਕੀ ਤਬਦੀਲੀ ਨਹੀਂ ਸਗੋਂ ਇੱਕ ਡੂੰਘਾ ਫਾਸੀਵਾਦੀ ਵਿਚਾਰਧਾਰਕ ਕੰਮ ਹੈ | ਜੋ ਭਾਜਪਾ ਦੀ ਗਾਂਧੀ ਵਿਰੋਧੀ ਸੋਚ ਨੂੰ ਉਜਾਗਰ ਕਰਦਾ ਹੈ | ਆਗੂਆਂ ਨੇ ਮਗਨਰੇਗਾ ਕਾਮਿਆਂ, ਖੇਤ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਗਨਰੇਗਾ ਕਾਨੂੰਨ ਦੀ ਬਹਾਲੀ, ਘੱਟੋ ਘੱਟ 200 ਦਿਨ ਕੰਮ ਅਤੇ ਇੱਕ ਹਜ਼ਾਰ ਰੁਪਏ ਪ੍ਰਤੀ ਦਿਨ ਦਿਹਾੜੀ ਦੇਣ, ਚਾਰ ਲੇਬਰ ਕੋਡ, ਬਿਜਲੀ ਤੇ ਬੀਜ ਐਕਟ ਰੱਦ ਕਰਨ ਸਬੰਧੀ 15 ਜਨਵਰੀ ਨੂੰ ਵੱਡੇ ਕਾਫ਼ਲੇ ਬੰਨ੍ਹ ਮਾਨਸਾ ਪੁੱਜਣ | ਇਸ ਮੌਕੇ ਹਰਦਿਆਲ ਸਿੰਘ ਬੁਢਲਾਡਾ, ਚਿਮਨ ਲਾਲ ਕਾਕਾ, ਗਰੀਬ ਸਿੰਘ, ਹਰਮੀਤ ਸਿੰਘ ਬੋੜਾਵਾਲ, ਸੁਖਦੇਵ ਸਿੰਘ ਬੋੜਾਵਾਲ, ਬੰਬੂ ਸਿੰਘ ਫੂਲੁਵਾਲਾ ਡੋਗਰਾ, ਪਵਨ ਕੁਮਾਰ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ |