ਚਾਉਕੇ, 12 ਮਾਰਚ (ਮਨਜੀਤ ਸਿੰਘ ਘੜੈਲੀ)-ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ 'ਚ ਸਾਲ ਭਰ ਮਿਹਨਤ ਕਰਕੇ ਆਪਣੇ ਸਲਾਨਾ ਇਮਤਿਹਾਨਾਂ ਦੇ ਨਤੀਜੇ ਦੀ ਉਡੀਕ ਕਰ ਰਹੇ ਬੱਚੇ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ 'ਚ ਉਤਸ਼ਾਹਿਤ ਅਤੇ ਖੁਸ਼ ਨਜ਼ਰ ਆ ਰਹੇ ਸਨ | ਪਹਿਲੇ ਦਿਨ ਤੀਜੀ ਕਲਾਸ ਤੇ ਸੱਤਵੀਂ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੂਰਨ ਸੁਰੱਖਿਅਤ ਢੰਗ ਨਾਲ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ | ਛੋਟੇ ਬੱਚਿਆਂ 'ਚ ਪੂਲ ਪਾਰਟੀ ਲਈ ਪੂਰਾ ਜੋਸ਼ ਵੇਖਿਆ ਜਾ ਸਕਦਾ ਸੀ | ਪੂਲ ਪਾਰਟੀ ਦੀ ਸ਼ੁਰੂਆਤ 'ਚ ਛੋਟੇ ਬੱਚਿਆਂ ਨੇ ਪਾਣੀ ਨਾਲ ਖੇਡਣ ਅਤੇ ਗਰਮੀ ਤੋਂ ਰਾਹਤ ਲਈ ਖੇਡਦੇ ਹੋਏ ਖੂਬ ਮਜ਼ਾ ਲਿਆ | ਬੱਚਿਆਂ ਨੇ ਪਾਣੀ ਨਾਲ ਅਠਖੇਲੀਆਂ ਕਰਦੇ ਹੋਏ ਪਾਣੀ 'ਚ ਛੋਟੀਆਂ ਖੇਡੀਆਂ ਜਾਣ ਵਾਲੀਆਂ ਖੇਡਾਂ ਖੇਡ ਕੇ ਖੂਬ ਆਨੰਦ ਲਿਆ | ਬੱਚਿਆਂ ਨੇ ਪੂਲ ਪਾਰਟੀ 'ਚ ਡਾਂਸ ਕਰਦੇ ਹੋਏ ਆਪਣੇ ਅਧਿਆਪਕਾਂ ਨਾਲ ਫ਼ਨੀ ਖੇਡਾਂ ਖੇਡ ਕੇ ਖੂਬ ਮਨੋਰੰਜਨ ਕੀਤਾ | ਪੂਲ ਪਾਰਟੀ ਚ ਮਾਹਿਰਾਂ ਨੇ ਚੌਥੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਨੂੰ ਤੈਰਨ ਦੇ ਮੁੱਢਲੇ ਤਰੀਕੇ ਸਿਖਾਏ, ਬੱਚਿਆਂ ਨੂੰ ਪਾਣੀ ਚ ਤੈਰਨ ਸਮੇਂ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ | ਮਾਹਿਰਾਂ ਨੇ ਬੱਚਿਆਂ ਨੂੰ ਦੱਸਿਆ ਕਿ ਸਵੀਮਿੰਗ (ਤੈਰਾਕੀ) ਕਰਨਾ ਸਿਰਫ਼ ਸ਼ੌਕ ਹੀ ਨਹੀਂ ਹੈ ਸਗੋਂ ਭਵਿੱਖ 'ਚ ਬੱਚੇ ਤੈਰਾਕੀ ਦੀ ਖੇਡ 'ਚ ਮਾਹਿਰ ਬਣ ਕੇ ਆਪਣਾ ਸੁਨਹਿਰੀ ਭਵਿੱਖ ਬਣਾ ਸਕਦੇ ਹਨ | ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸੰਸਥਾ ਹਮੇਸ਼ਾ ਨਵੀਨਤਮ ਅਤੇ ਸਿੱਖਿਆਦਾਇਕ ਗਤੀਵਿਧੀਆਂ ਅਪਣਾਉਣ ਲਈ ਵਚਨਬੱਧ ਹੈ ਤਾਂ ਜੋ ਗਤੀਵਿਧੀਆਂ ਰਾਹੀਂ ਮਨੋਰੰਜਨ ਦੇ ਨਾਲ ਬੱਚਿਆਂ 'ਚ ਸਹਿਯੋਗ, ਅਨੁਸ਼ਾਸਨ ਅਤੇ ਸਰੀਰਕ ਊਰਜਾ ਦਾ ਵਿਕਾਸ ਹੋ ਸਕੇ ਅਤੇ ਬੱਚੇ ਖੇਡ ਰਾਹੀਂ ਸਿੱਖਦੇ ਹੋਏ ਆਤਮ ਵਿਸ਼ਵਾਸ ਨਾਲ ਅੱਗੇ ਵੱਧਣ |