ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਸਿਵਲ ਪਸ਼ੂ ਹਸਪਤਾਲ ਘੁਗਿਆਣਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ, ਜਿਸ 'ਚ ਸਹਾਇਕ ਡਾਇਰੈਕਟਰ ਫ਼ਰੀਦਕੋਟ ਡਾ. ਜਸਵਿੰਦਰ ਗਰਗ ਤੇ ਸੀਨੀਅਰ ਵੈਟਰਨਰੀ ਅਫ਼ਸਰ ਡਾ. ਅਵਤਾਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਡਾ. ਜਸਵਿੰਦਰ ਗਰਗ ਨੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਪਸ਼ੂ-ਪਾਲਕਾਂ ਨੂੰ ਜਾਣਕਾਰੀ ਦਿੱਤੀ, ਨਾਲ ਹੀ ਮੂੰਹ ਖੁਰ, ਗਲ ਘੋਟੂ ਤੇ ਪੀ.ਪੀ. ਆਰ. ਵੈਕਸੀਨ ਲਗਵਾਉਣ ਲਈ ਪਸ਼ੂ-ਪਾਲਕਾਂ ਨੂੰ ਪ੍ਰੇਰਿਤ ਕੀਤਾ | ਡਾ. ਅਵਤਾਰ ਸਿੰਘ ਨੇ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਬਰੂਸੀਲੋਸਿਸ, ਲੈਪਟੋਸਪਾਇਰਾ ਤੇ ਹਲਕਾਅ ਬਾਰੇ ਜਾਗਰੂਕ ਕੀਤਾ | ਹਸਪਤਾਲ ਦੇ ਇੰਚਾਰਜ ਡਾ. ਹਰਿੰਦਰ ਸਿੰਘ ਭੁੱਲਰ ਨੇ ਪਸ਼ੂਆਂ ਦੀ ਖੁਰਾਕ ਬਾਰੇ ਤੇ ਖੁਰਾਕੀ ਤੱਤਾਂ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਤੇ ਦੁੱਧ ਉਤਪਾਦਨ ਵਧਾਉਣ ਸਬੰਧੀ ਪਸ਼ੂ-ਪਾਲਕਾਂ ਨੂੰ ਜਾਣਕਾਰੀ ਦਿੱਤੀ | ਕੈਂਪ 'ਚ ਪਿੰਡ ਘੁਗਿਆਣਾ ਤੇ ਸ਼ਿਮਰੇ ਵਾਲਾ ਦੇ ਲਗਭਗ 80 ਤੋਂ ਵੱਧ ਪਸ਼ੂ-ਪਾਲਕਾਂ ਨੇ ਭਾਗ ਲਿਆ | ਕੈਂਪ ਦੌਰਾਨ ਇਨ੍ਹਾਂ ਪਸ਼ੂ-ਪਾਲਕਾਂ ਨੂੰ ਮੱਝਾ-ਗਾਂਵਾਂ ਅਤੇ ਭੇਡਾਂ-ਬੱਕਰੀਆਂ ਲਈ ਮੁਫ਼ਤ ਦਵਾਈ ਵੰਡੀ ਗਈ | ਇਸ ਮੌਕੇ ਵੱਖ-ਵੱਖ ਕੰਪਨੀਆਂ ਵਲੋਂ ਆਪਣੇ ਸਟਾਲ ਲਾਏ ਗਏ ਤੇ ਉਨਾਂ ਵਲੋਂ ਪਸ਼ੂ ਪਾਲਕਾਂ ਨੂੰ ਮੁਫ਼ਤ ਵਿਚ ਸੈਂਪਲ ਵੰਡੇ ਗਏ | ਅੰਤ 'ਚ ਡਾ. ਹਰਿੰਦਰ ਸਿੰਘ ਭੁੱਲਰ ਨੇ ਕੈਂਪ ਵਿਚ ਭਾਗ ਲੈਣ ਲਈ ਸਾਰੇ ਅਫ਼ਸਰ ਸਾਹਿਬਾਨ, ਪਸ਼ੂ-ਪਾਲਕਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ | ਕੈਂਪ ਨੂੰ ਸਫ਼ਲ ਬਣਾਉਣ ਵਿਚ ਬਲਜਿੰਦਰ ਸਿੰਘ, ਸੁਖਬੀਰ ਸਿੰਘ, ਦੀਪਇੰਦਰ ਸਿੰਘ, ਅਰਸ਼ਦੀਪ ਸਿੰਘ, ਰੋਬਿਨ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ |