ਚਾਉਕੇ, 13 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਵਿਦਿਆਰਥੀਆ, ਸਟਾਫ਼ ਅਤੇ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਦੇਸ਼ ਅਲੱਗ-ਅਲੱਗ ਭਾਸ਼ਾਵਾਂ, ਸੰਸਕਿ੍ਤੀ, ਸੱਭਿਆਚਾਰ, ਧਰਮਾਂ ਵਾਲਾ ਦੇਸ਼ ਹੈ | ਹਰੇਕ ਖ਼ਿੱਤੇ 'ਚ ਵੱਖ-ਵੱਖ ਵਿਸ਼ੇਸ਼ ਦਿਨਾਂ ਤੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ | ਇਸੇ ਤਰ੍ਹਾਂ ਖੇਤੀ ਪ੍ਰਧਾਨ ਸੂਬਿਆ 'ਚ ਕਣਕ ਦੀ ਫ਼ਸਲ ਪੱਕਣ ਅਤੇ ਵਢਾਈ ਸ਼ੁਰੂ ਹੋਣ 'ਤੇ ਵਿਸਾਖੀ ਦਾ ਤਿਉਹਾਰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸੂਬੇ ਲਈ ਵਿਸਾਖੀ ਦਾ ਤਿਉਹਾਰ ਵਿਸ਼ੇਸ਼ ਸਥਾਨ ਰੱਖਦਾ ਹੈ, ਕਿਉਂਕਿ ਖੇਤੀ ਪ੍ਰਧਾਨ ਪੰਜਾਬ ਸੂਬੇ ਵਿਚ ਕਣਕ ਦੀ ਫ਼ਸਲ ਪੱਕਣ ਦੀ ਖ਼ੁਸ਼ੀ 'ਚ ਮਨਾਇਆ ਜਾਣ ਵਾਲਾ ਵਿਸਾਖੀ ਦਾ ਤਿਉਹਾਰ ਸਿੱਖ ਇਤਿਹਾਸ ਨਾਲ ਵੀ ਗਹਿਰਾ ਸਬੰਧ ਰੱਖਦਾ ਹੈ | ਇਸ ਦਿਨ ਦਸਵੇਂ ਪਾਤਿਸ਼ਾਹ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਕੀਤੀ | ਵਿਸਾਖੀ ਦੇ ਤਿਉਹਾਰ 'ਤੇ ਅੱਜ ਸੰਸਥਾ 'ਚ ਬੱਚਿਆਂ ਨੇ ਲਹਿਰਾਉਂਦੀ ਸੋਨੇ ਰੰਗੀ ਪੱਕੀ ਕਣਕ ਫ਼ਸਲ ਦੇ ਖੇਤਾਂ 'ਚ ਭੰਗੜਾ, ਗਿੱਧਾ ਅਤੇ ਬੋਲੀਆਂ ਪਾਉਂਦੇ ਹੋਏ ਨੱਚ ਕੇ ਵਿਸਾਖੀ ਦਾ ਤਿਉਹਾਰ ਮਨਾਇਆ | ਇਸ ਮੌਕੇ ਬੱਚਿਆਂ ਨੇ ਪੰਜਾਬੀ ਰਵਾਇਤੀ ਪੁਸ਼ਾਕਾ ਪਹਿਣ ਕੇ ਭੁੱਲੇ ਵਿਸਾਰੇ ਜਾ ਰਹੇ ਪੰਜਾਬੀ ਸੱਭਿਆਚਾਰ ਨੂੰ ਯਾਦ ਕਰਵਾਇਆ, ਛੋਟੇ ਬੱਚਿਆਂ ਨੇ ਪੰਜਾਬੀ ਵਿਰਸੇ ਅਤੇ ਕਿਸਾਨੀ ਨੂੰ ਦਰਸਾਉਂਦੇ ਪੰਜਾਬੀ ਪਹਿਰਾਵੇ ਕੁੜਤਾ ਚਾਦਰਾ, ਪੱਗ, ਕੁੜਤਾ ਪਜ਼ਾਮਾ, ਪੰਜਾਬੀ ਸੂਟ, ਫੁਲਕਾਰੀ ਅਤੇ ਪੁਰਾਤਨ ਗਹਿਣੇ ਪਹਿਣ ਕੇ ਫੈਂਸੀ ਡਰੈੱਸ ਪੋ੍ਰਗਰਾਮ 'ਚ ਭਾਗ ਲਿਆ ਅਤੇ ਛੋਟੀਆਂ ਬੱਚੀਆਂ ਅਤੇ ਬੱਚਿਆਂ ਨੇ ਪੁਰਾਤਨ ਪਹਿਰਾਵਾ ਅਤੇ ਗਹਿਣੇ ਪਹਿਣ ਕੇ ਚਰਖੇ ਨਾਲ ਤਿ੍ੰਝਣ, ਛੱਜ ਛੰਡਣਾਂ, ਕਣਕ ਦੀ ਵਾਢੀ ਕਰਨ ਦਾ ਦਿ੍ਸ਼ ਪੇਸ਼ ਕਰਕੇ ਪੁਰਾਣੇ ਸੱਭਿਆਚਾਰ ਦੀ ਯਾਦ ਦਿਵਾਈ | ਅਧਿਆਪਕਾਂ ਨੇ ਬੱਚਿਆਂ ਨੂੰ ਇਤਿਹਾਸਿਕ ਪੱਖ 'ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਵਿਸਾਖੀ ਵਾਲੇ ਦਿਨ ਹੀ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਜ਼ਲਿ੍ਹਆਂ ਵਾਲੇ ਬਾਗ 'ਚੋ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਪਰ ਅੰਗੇਰਜ਼ ਅਫ਼ਸਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆਂ ਅਤੇ ਹਜ਼ਾਰਾ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ | ਪੋ੍ਰਗਰਾਮ ਦੇ ਅੰਤ 'ਚ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਮਲਵਈ ਗਿੱਧਾ ਅਤੇ ਛੋਟੀਆਂ ਬੱਚੀਆਂ ਨੇ ਗਿੱਧਾ ਪੇਸ਼ ਕਰਕੇ ਵਾਹ-ਵਾਹ ਖੱਟੀ | ਮਲਵਈ ਗਿੱਧੇ 'ਚ ਬੱਚਿਆਂ ਨੇ ਪੁਰਾਤਨ ਸਮੇਂ 'ਚ ਫ਼ਸਲ ਪੱਕਣ ਅਤੇ ਵਾਢੀ ਸ਼ੁਰੂ ਕਰਨ ਤੇ ਪਾਈਆ ਜਾਂਦੀਆਂ ਲੋਕ ਬੋਲੀਆਂ ਅਤੇ ਲੋਕ ਗੀਤ ਵੀ ਗਾਏ, ਬੱਚਿਆਂ ਦੇ ਵਿਸ਼ੇਸ਼ ਤੌਰ 'ਤੇ ਭਾਸ਼ਣ ਅਤੇ ਲੇਖ ਮੁਕਾਬਲੇ ਵੀ ਕਰਵਾਏ | ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਕਿਹਾ ਕਿ ਪੁਰਾਣੇ ਸਮੇਂ 'ਚ ਮਨਾਏ ਜਾਂਦੇ ਤਿਉਹਾਰਾਂ ਦੀ ਖ਼ੁਸ਼ੀ ਸਾਂਝੀ ਕਰਨ, ਤਿਉਹਾਰਾਂ ਨੂੰ ਮਨਾਉਣ, ਬੱਚਿਆਂ ਨੂੰ ਪੁਰਾਤਨ ਸੱਭਿਆਚਾਰ, ਵਿਰਸੇ ਨਾਲ ਜੋੜਨ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਹੀ ਸਕੂਲ ਵਲੋਂ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਆਪਣੇ ਪੁਰਾਤਨ ਅਮੀਰ ਵਿਰਸੇ, ਸੱਭਿਆਚਾਰ, ਪਹਿਰਾਵੇ, ਮੇਲਿਆਂ ਨੂੰ ਭੁੱਲ ਨਾ ਸਕਣ |