ਮਾਨਸਾ, 13 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਉਣ 'ਚ ਤੇਜ਼ੀ ਲਿਆਉਣ ਸਬੰਧੀ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਰੀਵਿਊ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਯੋਜਨਾ ਸਬੰਧੀ ਬਲਾਕ ਵਾਰ ਟੀਮਾਂ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਕੀਮ ਤਹਿਤ ਆਮ ਲੋਕ ਸਰਕਾਰੀ ਹਸਪਤਾਲਾਂ ਅਤੇ ਨਾਮਜ਼ਦ ਪ੍ਰਾਈਵੇਟ ਹਸਪਤਾਲਾਂ 'ਚ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਲਾਭ ਲੈ ਰਹੇ ਹਨ | ਉਨ੍ਹਾਂ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਿਹਤ ਕਾਰਡਾਂ ਸਬੰਧੀ ਆਮ ਲੋਕਾਂ 'ਚ ਵੱਧ ਤੋ ਵੱਧ ਜਾਗਰੂਕਤਾ ਫੈਲਾਈ ਜਾਵੇ, ਤਾਂ ਜੋ ਲੋਕ ਕਾਰਡਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ | ਡਿਪਟੀ ਮੈਡੀਕਲ ਕਮਿਸ਼ਨਰ ਡਾ. ਮਯੰਕਜੋਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਿਹਤ ਕਾਰਡ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ | ਇਸ ਮੌਕੇ ਡਾ. ਗੁਰਮੇਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਰਵਿੰਦਰ ਸਿੰਗਲਾ, ਡਾ. ਵੇਦ ਪ੍ਰਕਾਸ਼ ਸੰਧੂ ਕ੍ਰਮਵਾਰ ਐਸ.ਐਮ.ਓ. ਮਾਨਸਾ, ਬੁਢਲਾਡਾ, ਖ਼ਿਆਲਾ ਕਲਾਂ ਤੇ ਸਰਦੂਲਗੜ੍ਹ, ਸੂਚਨਾ ਅਫ਼ਸਰ ਵਿਜੈ ਕੁਮਾਰ, ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ, ਡਿਪਟੀ ਸੂਚਨਾ ਅਫ਼ਸਰ ਤਿਰਲੋਕ ਸਿੰਘ, ਸੰਦੀਪ ਸਿੰਘ, ਜਸਪ੍ਰੀਤ ਕੌਰ, ਕੋਆਰਡੀਨੇ ਟਰ ਗੌਰਵ ਘੰਡ, ਵਿਸ਼ਾਲ ਆਦਿ ਹਾਜ਼ਰ ਸਨ |