ਬੁਢਲਾਡਾ, 13 ਅਪ੍ਰੈਲ (ਸਵਰਨ ਸਿੰਘ ਰਾਹੀ)-ਗੁਰੂ ਨਾਨਕ ਕਾਲਜ ਬੁਢਲਾਡਾ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਵਲੋਂ ਸਮਾਗਮ ਕਰਵਾਇਆ ਗਿਆ | ਸ਼ੁਰੂਆਤ ਪਿ੍ੰਸੀਪਲ ਡਾ. ਨਰਿੰਦਰ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਈ | ਉਨ੍ਹਾਂ ਕਾਲਜ ਦੀਆਂ ਉਪਲਬਧੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਸਾਬਕਾ ਵਿਦਿਆਰਥੀ ਕਾਲਜ ਦਾ ਅਸਲ ਸਰਮਾਇਆ ਹੁੰਦੇ ਹਨ ਅਤੇ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਪੜ੍ਹੇ ਵਿਦਿਆਰਥੀ ਵੱਖ-ਵੱਖ ਸਰਕਾਰੀ ਭਾਗਾਂ 'ਚ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ | ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਸ ਕਾਲਜ ਨੂੰ ਦੇਸ਼ ਦੇ ਸਰਬੋਤਮ ਕਾਲਜਾਂ ਦੀ ਦਰਜਾਬੰਦੀ 'ਚ 'ਏ++' ਗ੍ਰੇਡ ਦਾ ਦਰਜਾ ਪ੍ਰਾਪਤ ਹੋਣ ਦੇ ਨਾਲ-ਨਾਲ 'ਸਕਿੱਲ ਹੱਬ' ਅਤੇ 'ਈਟ ਰਾਈਟ' ਕੈਂਪਸ ਦਾ ਦਰਜਾ ਵੀ ਪ੍ਰਾਪਤ ਹੈ | ਸਾਬਕਾ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਡਾ. ਕਰਨੈਲ ਸਿੰਘ ਵੈਰਾਗੀ, ਡਾ. ਬੂਟਾ ਸਿੰਘ ਸੇਖੋਂ, ਗਿਆਨੀ ਭਰਭੂਰ ਸਿੰਘ, ਪਾਲ ਸਿੰਘ ਸਮਾਓਾ, ਕੁਲਵੰਤ ਸਿੰਘ, ਨਵਨੀਤ ਕੱਕੜ, ਮੱਖਣ ਸਿੰਘ ਡੀ. ਪੀ. ਈ., ਰਜਿੰਦਰ ਵਰਮਾ ਨੇ ਕਿਹਾ ਕਿ ਚਾਰ ਕਮਰਿਆਂ ਤੋਂ ਸ਼ੁਰੂ ਹੋਈ ਇਹ ਸੰਸਥਾ ਦੇਸ਼ ਦੀਆਂ ਨਾਮੀ ਵਿੱਦਿਅਕ ਸੰਸਥਾਵਾਂ 'ਚ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਮਾਣ ਦੀ ਗੱਲ ਹੈ ਕਿ ਅਸੀਂ ਇੱਥੋਂ ਪੜ੍ਹੇ ਹਾਂ, ਫਿਰ ਸਾਡੇ ਬੱਚੇ ਇੱਥੋਂ ਪੜ੍ਹੇ ਅਤੇ ਹੁਣ ਅਗਲੀ ਪੀੜ੍ਹੀ ਇੱਥੇ ਪੜ੍ਹ ਰਹੀ ਹੈ | ਡਾ. ਸੰਧਿਆ ਵਤਸ ਨੇ ਸਭਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਗੁਰਦੀਪ ਸਿੰਘ ਨੇ ਕੀਤਾ |