ਤਲਵੰਡੀ ਸਾਬੋ, 13 ਅਪ੍ਰੈਲ (ਰਵਜੋਤ ਸਿੰਘ ਰਾਹੀ): ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪਤਾਲ ਵਿਖੇ ਡਾਇਰੈਕਟਰ ਸਿਹਤ ਵਿਭਾਗ ਡਾ.ਅਨਿਲ ਗੋਇਲ ਵਲੋਂ ਸਿਹਤ ਵਿਭਾਗ ਬਠਿੰਡਾ ਦੇ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਂਦਿਆਂ ਵਿਭਾਗ ਦੇ ਕੰਮਕਾਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਇਸ ਮੌਕੇ ਡਾਇਰੈਕਟਰ ਸਿਹਤ ਵਿਭਾਗ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਲੋਕ ਸੇਵਾ ਦਾ ਇੱਕ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੀ ਮਿਹਨਤ ਨਾਲ ਹੀ ਆਮ ਜਨਤਾ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਵਿਭਾਗ ਦੀ ਜ਼ਿੰਮੇਵਾਰੀ ਹੈ, ਤਾਂ ਜੋ ਹੋਰ ਕਰਮਚਾਰੀ ਵੀ ਪ੍ਰੇਰਿਤ ਹੋਣ | ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਵੀ ਸਨਮਾਨਿਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਲਗਨ ਅਤੇ ਮਿਹਨਤ ਦੀ ਕਦਰ ਹੈ ਅਤੇ ਉਹ ਅੱਗੇ ਵੀ ਇਸੇ ਤਰ੍ਹਾਂ ਜਨਤਾ ਦੀ ਸੇਵਾ ਕਰਦੇ ਰਹਿਣਗੇ | ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ. ਰਵੀਕਾਂਤ ਗੁਪਤਾ ਵੀ ਮੌਜੂਦ ਸਨ | ਇਸ ਮੌਕੇ ਡਾ. ਜਗਰੂਪ ਸਿੰਘ ਐਮ.ਡੀ. ਮੈਡੀਸਿਨ, ਡਾ. ਅੰਕੁਰ ਸਿੰਗਲਾ ਮਨੋਰੋਗ ਮਾਹਿਰ, ਡਾ. ਲਵਕੇਸ਼ ਗੁਪਤਾ, ਡਾ. ਅਮਨਪ੍ਰੀਤ ਸਿੰਘ ਸੇਠੀ, ਡਾ. ਦਿਲਸ਼ੇਰ ਸਿੰਘ ਐਮ.ਓ.ਆਮ ਆਦਮੀ ਕਲੀਨਿਕ, ਗੁਰਸਿਮਰਤ ਕੌਰ ਬਲਾਕ ਐੈਜੂਕੇਟਰ, ਹਰਪ੍ਰੀਤ ਸ਼ਰਮਾ ਫਾਰਮੇਸੀ ਅਫ਼ਸਰ, ਰਮਨਦੀਪ ਕੌਰ ਸਟਾਫ਼ ਨਰਸ, ਸ਼ਰਨਜੀਤ ਕੌਰ ਸਟਾਫ਼ ਨਰਸ, ਅਮਨਦੀਪ ਕੌਰ ਜੂਨੀਅਰ ਸਹਾਇਕ, ਰਣਜੀਤ ਸ਼ਰਮਾ ਆਈ.ਏ, ਰਮਨਦੀਪ ਕੌਰ ਸੀ.ਐਚ.ਓ, ਭੁਪਿੰਦਰਪਾਲ ਕੌਰ, ਗੁਰਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਤਿੰਨੇ ਮਲਟੀ ਪਰਪਸ ਹੈਲਥ ਵਰਕਰ, ਇਕਬਾਲ ਸਿੰਘ ਕੰਪਿਊਟਰ ਆਪ੍ਰੇਟਰ, ਤਰਸੇਮ ਸਿੰਘ ਅਰੋਗਿਆ ਮਿੱਤਰ, ਜਗਜੀਤ ਸਿੰਘ ਵਾਰਡ ਅਟੈਂਡੈਂਟ, ਸਰਬਜੀਤ ਕੌਰ ਸਫ਼ਾਈ ਸੇਵਕ ਨੂੰ ਸਨਮਾਨਿਤ ਕੀਤਾ ਗਿਆ | ਸਮਾਪਤੀ ਦੌਰਾਨ ਸਨਮਾਨਿਤ ਕਰਮਚਾਰੀਆਂ ਨੇ ਵਿਭਾਗ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਰਹਿਣਗੇ |