ਸੁਨਾਮ ਊਧਮ ਸਿੰਘ ਵਾਲਾ, 13 ਅਪ੍ਰੈਲ (ਧਾਲੀਵਾਲ, ਭੁੱਲਰ, ਸੱਗੂ)-ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਕਰੀਬ ਦੋ ਹਫ਼ਤਿਆਂ ਤੋਂ ਮੰਡੀਆਂ ਵਿਚ ਕਿਸਾਨ ਕਣਕ ਵੇਚਣ ਨੂੰ ਲੈ ਕੇ ਖੱਜਲ-ਖੁਆਰ ਹੋ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਹੈਲੀਕਾਪਟਰ ਵਿਚ ਝੂਟੇ ਲੈਣ ਵਿਚ ਮਸਤ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸੁਨਾਮ ਅਨਾਜ ਮੰਡੀ ਵਿਚ ਕਿਸਾਨਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਸੁਨਾਮ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਕਿਸਾਨ ਦਿਨ-ਰਾਤ ਮੰਡੀਆਂ 'ਚ ਧੱਕੇ ਖਾਣ ਲਈ ਮਜਬੂਰ ਹਨ ਪਰ ਕੋਈ ਵੀ ਖ਼ਰੀਦ ਏਜੰਸੀ ਕਿਸਾਨਾਂ ਦੀ ਕਣਕ ਚੁੱਕਣ ਨੂੰ ਤਿਆਰ ਨਹੀ | ਉਨ੍ਹਾਂ ਕਿਹਾ ਕਿ ਸਾਫ਼ ਅਤੇ ਸੁੱਕੀ ਕਣਕ ਹੋਣ ਦੇ ਬਾਵਜੂਦ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਨੁਕਸ ਕੱਢੇ ਜਾ ਰਹੇ ਹਨ |ਜੇਕਰ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਰਹਿੰਦਿਆਂ ਕੇਂਦਰ ਸਰਕਾਰ ਨਾਲ ਕਣਕ 'ਚ ਮਾਜੂ ਦਾਣੇ ਅਤੇ ਨਮੀ ਦਾ ਮਸਲਾ ਉਠਾਇਆ ਜਾਂਦਾ ਤਾਂ ਕਿਸਾਨਾਂ ਨੂੰ ਇਸ ਬੇਲੋੜੀ ਖੱਜਲ ਖੁਆਰੀ ਦਾ ਸਾਹਮਣਾ ਨਾਂ ਕਰਨਾ ਪੈਂਦਾ | ਇਸ ਸਮੇਂ ਉਨ੍ਹਾਂ ਨਾਲ ਮੌਜੂਦ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਜਿੱਥੇ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ ਹਨ ਉੱਥੇ ਹੀ ਆੜ੍ਹਤੀ ਅਤੇ ਮਜ਼ਦੂਰ ਵਰਗ ਵੀ ਬੇਹੱਦ ਪਰੇਸ਼ਾਨੀ 'ਚੋਂ ਲੰਘ ਰਿਹਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀਆਂ ਮੰਡੀਆਂ 'ਚੋਂ ਸਿੱਧੀ ਢੋਆ-ਢੁਆਈ ਕਰਨ ਦੀ ਬਜਾਏ ਸ਼ੈਲਰਾਂ ਜਾਂ ਗੁਦਾਮਾਂ 'ਚ ਲਗਵਾਇਆ ਜਾਵੇ ਕਿਉਂਕਿ ਰੇਲਵੇ ਦੀ ਲੰਮੀ ਪ੍ਰਕਿਰਿਆ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਈ ਮਹੀਨੇ ਮੰਡੀਆਂ ਵਿਚ ਬੈਠਣ ਲਈ ਮਜਬੂਰ ਹੋਣਾ ਪਵੇਗਾ |