ਬਠਿੰਡਾ, 27 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲੇਬਰ ਕਾਨੂੰਨਾਂ ਮੁਤਾਬਿਕ ਬਣਦੀ ਗੁਜ਼ਾਰੇ ਲਈ ਤਨਖ਼ਾਹ ਅਤੇ ਕੰਮ ਦੀਆਂ ਬਿਹਤਰ ਹਾਲਾਤਾਂ ਤੇ ਸਹੂਲਤਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸਪੋਰਟਕਿੰਗ ਫ਼ੈਕਟਰੀ ਜੀਦਾ ਦੇ ਕਾਮਿਆਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ | ਫ਼ੈਕਟਰੀ ਮਜ਼ਦੂਰ ਅਤੇ ਉਨ੍ਹਾਂ ਦੀਆਂ ਭਰਾਤਰੀ ਖੇਤ ਮਜ਼ਦੂਰ ਜਥੇਬੰਦੀਆਂ ਫ਼ੈਕਟਰੀ ਦੇ ਬਾਹਰ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੀਆਂ ਸਨ ਤਾਂ ਅੱਜ ਸਵੇਰੇ ਹੀ ਇਨ੍ਹਾਂ ਕਾਮਿਆਂ ਨੂੰ ਗਿ੍ਫ਼ਤਾਰ ਕਰਕੇ ਵੱਡੀ ਗਿਣਤੀ ਵਿਚ ਨਹੀਆਂ ਵਾਲਾ, ਨੰਦਗੜ੍ਹ ਤੇ ਕਿਲੀ ਨਿਹਾਲ ਸਿੰਘ ਵਾਲਾ ਥਾਣਿਆਂ ਵਿਚ ਬੰਦ ਕਰ ਦਿੱਤਾ ਗਿਆ | ਜਿਨ੍ਹਾਂ ਵਿਚ ਦੋ ਦਰਜਨ ਦੇ ਕਰੀਬ ਔਰਤਾਂ ਵੀ ਹਨ | ਕਾਮਿਆਂ ਦੇ ਕਹਿਣ ਮੁਤਾਬਿਕ 12-12 ਘੰਟੇ ਕੰਮ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਬਹੁਤ ਨਿਗੂਣੀਆਂ ਤਨਖ਼ਾਹਾਂ ਦਿੱਤੀਆਂ ਜਾਂਦੀਆਂ ਹਨ | ਜਿਨ੍ਹਾਂ ਨਾਲ ਘਰ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਹੈ | ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਇਨ੍ਹਾਂ ਫ਼ੈਕਟਰੀ ਕਾਮਿਆਂ ਨਾਲ ਕੀਤੇ ਧੱਕੇ ਅਤੇ ਅੱਜ ਸਵੇਰੇ ਜਬਰੀ ਕੀਤੀਆਂ ਗਿ੍ਫ਼ਤਾਰੀਆਂ ਦੀ ਸਖ਼ਤ ਨਿਖੇਧੀ ਕਰਦੀ ਹੈ | ਸਭਾ ਦੇ ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ ਅਤੇ ਪੈੱ੍ਰਸ ਸਕੱਤਰ ਡਾ. ਅਜੀਤਪਾਲ ਸਿੰਘ ਮੁਤਾਬਿਕ ਕਾਮਿਆਂ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਗਿ੍ਫ਼ਤਾਰ ਕਰਕੇ ਥਾਣਿਆਂ ਵਿਚ ਬੰਦ ਕਰਨਾ ਸਰਾਸਰ ਗੈਰ ਸੰਵਿਧਾਨਿਕ ਹੈ ਅਤੇ ਉਨ੍ਹਾਂ 'ਤੇ ਜਬਰ ਢਾਹ ਕੇ ਸੰਘਰਸ਼ ਨੂੰ ਖ਼ਦੇੜਨ ਦੀ ਕੋਸ਼ਿਸ਼ ਕਰਨਾ ਗੈਰ ਜਮਹੂਰੀ ਹੈ | ਉਨ੍ਹਾਂ ਮੰਗ ਕੀਤੀ ਕਿ ਕਾਮਿਆਂ 'ਤੇ ਕੀਤਾ ਜਾ ਰਿਹਾ ਜਬਰ ਬੰਦ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ, ਬਿਨਾਂ ਸ਼ਰਤ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ |