ਭਗਤਾ ਭਾਈਕਾ, 12 ਮਈ (ਸੁਖਪਾਲ ਸਿੰਘ ਸੋਨੀ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਰੋਸ ਵਜੋਂ, ਸਫ਼ਾਈ ਸੇਵਕ ਯੂਨੀਅਨ ਨਗਰ ਪੰਚਾਇਤ ਭਗਤਾ ਭਾਈਕਾ ਵਲੋਂ ਅਣਮਿੱਥੇ ਸਮੇਂ ਲਈ ਕੰਮ-ਛੋੜ ਹੜਤਾਲ ਕਰਨ ਦਾ ਫੈਸਲਾ ਕਰਕੇ ਧਰਨਾ ਦਿੱਤਾ ਗਿਆ | ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਦੇ ਮਿਊਾਸਪਲ ਮੁਲਾਜ਼ਮ, ਸਫ਼ਾਈ ਸੇਵਕ ਅਤੇ ਸੀਵਰਮੈਨ ਆਪਣੀਆਂ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲ ਰਿਹਾ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਯੂਨੀਅਨ ਆਗੂਆਂ ਨੇ ਨਗਰ ਪੰਚਾਇਤ ਭਗਤਾ ਭਾਈਕਾ ਦੇ ਮਤਾ ਨੰਬਰ 25 (ਮਿਤੀ 16/08/2024) ਅਨੁਸਾਰ ਸਫ਼ਾਈ ਸੇਵਕਾਂ ਨੂੰ ਕੰਟਰੈਕਟ 'ਤੇ ਭਰਤੀ ਕਰਨ ਦੀ ਪ੍ਰਕਿਰਿਆ ਤੁਰੰਤ ਮੁਕੰਮਲ ਕਰਨ, ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.) ਨੂੰ ਤੁਰੰਤ ਬਹਾਲ ਕਰਨ, ਕੰਟਰੈਕਟ ਕਰਮਚਾਰੀਆਂ ਦਾ ਬਕਾਇਆ ਈ.ਪੀ.ਐਫ. ਤੁਰੰਤ ਦੇਣ, ਰੈਗੂਲਰ ਕਰਮਚਾਰੀਆਂ ਨੂੰ ਡੀ.ਏ.ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਕੲਨ, 2016 ਦੇ ਐਕਟ ਤਹਿਤ 3 ਸਾਲਾ ਪਾਲਿਸੀ ਲਾਗੂ ਕਰਨ ਅਤੇ 10 ਸਾਲਾ ਪਾਲਿਸੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ | ਯੂਨੀਅਨ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਮੰਗਾਂ ਨਾ ਪੂਰੀਆਂ ਕਰਨ ਦੀ ਸੂਰਤ ਵਿਚ ਸ਼ੰਘਰਸ ਲਗਾਤਾਰ ਜਾਰੀ ਰੱਖਣ ਅਤੇ ਹੜ੍ਹਤਾਲ ਜਾਰੀ ਰੱਖ ਕੇ ਸ਼ਹਿਰ ਦੀ ਸਫ਼ਾਈ ਵਿਵਸਥਾ ਮੁਕੰਮਲ ਤੌਰ 'ਤੇ ਬੰਦ ਰੱਖਣ ਦੀ ਚੇਤਾਵਨੀ ਦਿੱਤੀ | ਇਸ ਧਰਨੇ ਦੌਰਾਨ ਪ੍ਰਧਾਨ ਸੁਖਦੀਪ ਕੁਮਾਰ, ਚੇਅਰਮੈਨ ਸਨੀ, ਜਰਨਲ ਸੈਕਟਰੀ ਕਿ੍ਸ਼ਨ ਕੁਮਾਰ, ਮੀਤ ਪ੍ਰਧਾਨ ਰਾਜੇਸ਼ ਲਾਲ, ਖ਼ਜ਼ਾਨਚੀ ਬਲਜਿੰਦਰ, ਰੂਪ ਸਮੇਤ ਸਮੂਹ ਸਫ਼ਾਈ ਸੇਵਕ ਹਾਜ਼ਰ ਸਨ |