ਰਾਮਾਂ ਮੰਡੀ, 13 ਮਈ (ਤਰਸੇਮ ਸਿੰਗਲਾ)-ਸੀ.ਬੀ.ਐਸ.ਸੀ. ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਇਲਾਕੇ ਦੀ ਹੋਣਹਾਰ ਵਿਦਿਆਰਥਣ ਗੁਰਲੀਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਪਰਿਵਾਰ, ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ | ਮਾਸਟਰ ਮਾਇੰਡ ਪਬਲਿਕ ਸਕੂਲ, ਪਿੰਡ ਬੰਗੀ ਰੁਘੂ ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਸੱਤਪਾਲ ਸਿੰਘ ਵਾਸੀ ਪਿੰਡ ਮੱਲਵਾਲਾ ਨੇ 500 'ਚੋਂ 492 ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚੋਂ 9ਵਾਂ ਰੈਂਕ ਅਤੇ ਜ਼ਿਲ੍ਹਾ ਬਠਿੰਡਾ 'ਚ ਦੂਜਾ ਸਥਾਨ ਹਾਸਿਲ ਕੀਤਾ ਹੈ | ਗੁਰਲੀਨ ਕੌਰ ਦੀ ਇਸ ਕਾਮਯਾਬੀ ਨਾਲ ਪਰਿਵਾਰ ਅਤੇ ਸਕੂਲ 'ਚ ਖੁਸ਼ੀ ਦੀ ਲਹਿਰ ਦੌੜ ਗਈ | ਖਾਸ ਗੱਲ ਇਹ ਹੈ ਕਿ ਗੁਰਲੀਨ ਨੇ ਮੁਸ਼ਕਿਲ ਹਾਲਾਤ ਦੇ ਬਾਵਜੂਦ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਉੱਚਾ ਮੁਕਾਮ ਹਾਸਿਲ ਕੀਤਾ | ਉਸ ਦੀ ਮਾਤਾ ਦਾ ਕਰੀਬ ਪੰਜ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ, ਜਦਕਿ ਉਸ ਦੇ ਪਿਤਾ ਸੱਤਪਾਲ ਸਿੰਘ ਖੇਤੀਬਾੜੀ ਕਰਕੇ ਪਰਿਵਾਰ ਦੀ ਪਰਵਰਿਸ਼ ਕਰ ਰਹੇ ਹਨ | ਗੁਰਲੀਨ ਦਾ ਇਕ ਭਰਾ ਵੀ ਹੈ ਜੋ ਪੜ੍ਹਾਈ ਕਰ ਰਿਹਾ ਹੈ | ਗੁਰਲੀਨ ਕੌਰ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਿਤਾ, ਅਧਿਆਪਕਾਂ ਅਤੇ ਸਕੂਲ ਦੇ ਸਹਿਯੋਗ ਨੂੰ ਦਿੱਤਾ | ਉਸ ਨੇ ਕਿਹਾ ਕਿ ਉਸ ਦਾ ਸੁਪਨਾ ਪ੍ਰਸ਼ਾਸਨਿਕ ਅਧਿਕਾਰੀ ਬਣ ਕੇ ਸਮਾਜ ਅਤੇ ਲੋਕਾਂ ਦੀ ਸੇਵਾ ਕਰਨਾ ਹੈ | ਵਿਦਿਆਰਥਣ ਦੇ ਪਿਤਾ ਸੱਤਪਾਲ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀ ਕਾਬਲਿਅਤ ਅਤੇ ਮਿਹਨਤ 'ਤੇ ਬਹੁਤ ਮਾਣ ਹੈ | ਸਕੂਲ ਦੇ ਪ੍ਰਧਾਨ ਯਾਦਵਿੰਦਰ ਸਿੰਘ, ਸਕੱਤਰ ਸਰਬਜੀਤ ਸਿੰਘ ਅਤੇ ਪਿ੍ੰਸੀਪਲ ਜਸਵਿੰਦਰ ਸਿੰਘ ਸਿੱਧੂ ਨੇ ਗੁਰਲੀਨ ਕੌਰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ |
9ਵਾਂ ਰੈਂਕ ਹਾਸਿਲ ਕਰਨ ਵਾਲੀ ਗੁਰਲੀਨ ਕੌਰ ਬਣਨਾ ਚਾਹੁੰਦੀ ਹੈ ਪ੍ਰਸ਼ਾਸਨਿਕ ਅਧਿਕਾਰੀ
ਅਜੀਤ ਡੈਸਕ
14-05-2026