ਮਾਨਸਾ, 13 ਮਈ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ 'ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਗੁਰੂਕੁਲ ਅਕੈਡਮੀ ਉੱਭਾ ਦੀ ਵਿਦਿਆਰਥਣ ਸੁਪਨੀਤ ਕੌਰ ਏਅਰ ਫੋਰਸ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ | ਇਸ ਵੇਲੇ ਉਹ ਐਨ.ਡੀ.ਏ. ਦੇ ਪੇਪਰ ਦੀ ਤਿਆਰੀ ਕਰ ਰਹੀ ਹੈ | ਉਸ ਨੇ ਸਾਇੰਸ ਗਰੁੱਪ 'ਚੋਂ 500 ਚੋਂ 500 ਅੰਕ ਲੈ ਕੇ ਇਹ ਮਾਰਕਾ ਮਾਰਿਆ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਸੁਪਨੀਤ ਨੇ ਦੱਸਿਆ ਕਿ ਰੋਜ਼ਾਨਾ 10 ਘੰਟੇ ਪੜ੍ਹਾਈ ਕਰਦੀ ਸੀ ਤੇ ਅਧਿਆਪਕ ਵੀ ਹਰ ਟੌਪਿਕ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਸਨ | ਜ਼ਿਕਰਯੋਗ ਹੈ ਕਿ ਸੁਪਨੀਤ ਕੌਰ ਪੜ੍ਹਾਈ ਦੇ ਨਾਲ-ਨਾਲ ਤਲਵਾਰਬਾਜ਼ੀ 'ਚ ਵੀ ਕੌਮੀ ਪੱਧਰ ਦੀਆਂ ਖੇਡਾਂ 'ਚ ਭਾਗ ਲੈ ਚੁੱਕੀ ਹੈ | ਸੁਪਨੀਤ ਦੇ ਪਿਤਾ ਰਾਜ ਸਿੰਘ ਤੇ ਮਾਤਾ ਪਰਮਿੰਦਰ ਕੌਰ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ, ਜਿਸ ਦੀ ਮਿਹਨਤ ਰੰਗ ਲਿਆਈ ਹੈ | ਸਕੂਲ ਪ੍ਰਬੰਧਕ ਹਰਪ੍ਰੀਤ ਸਿੰਘ ਪੁਰਬਾ ਤੇ ਸੁਭਾਸ਼ ਕੁਮਾਰ ਬਿੱਟੂ ਨੇ ਵਿਦਿਆਰਥਣ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਣ ਵਾਲੀ ਗੱਲ ਇਹ ਹੈ ਕਿ ਲੜਕੀਆਂ ਹਰ ਖੇਤਰ 'ਚ ਮੱਲ੍ਹਾਂ ਮਾਰ ਰਹੀਆਂ ਹਨ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਕੁੜੀਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ |
12ਵੀਂ 'ਚੋਂ ਅੱਵਲ ਰਹੀ ਸੁਪਨੀਤ ਕੌਰ ਏਅਰ ਫੋਰਸ 'ਚ ਭਰਤੀ ਹੋ ਕੇ ਕਰਨੀ ਚਾਹੁੰਦੀ ਹੈ ਦੇਸ਼ ਦੀ ਸੇਵਾ <br/>
ਅਜੀਤ ਡੈਸਕ
14-05-2026