ਭੁੱਚੋ ਮੰਡੀ, 13 ਮਈ (ਪਰਵਿੰਦਰ ਸਿੰਘ ਜੌੜਾ)- ਪੰਜਾਬ ਦੇ ਬੈਂਕਾਂ ਵਿਚ ਨਕਦੀ ਦਾ ਸੰਕਟ ਹੋਰ ਗੰਭੀਰ ਹੋ ਗਿਆ ਹੈ | ਬੈਂਕਾਂ ਵਿਚੋਂ ਲੋੜੀਂਦੀ ਨਕਦੀ ਨਾ ਮਿਲਣ ਕਾਰਨ ਵਪਾਰੀ ਵਰਗ ਤਾਂ ਔਖ ਮਹਿਸੂਸ ਕਰ ਹੀ ਰਿਹਾ ਹੈ, ਹੁਣ ਉਹ ਕਿਸਾਨ ਵੀ ਕਸੂਤੇ ਫਸ ਗਏ ਹਨ, ਜਿਨ੍ਹਾਂ ਨੇ ਪੈਸਾ ਉਧਾਰ ਫੜ ਕੇ ਬੈਂਕਾਂ ਦੀਆਂ ਲਿਮਟਾਂ ਭਰ ਦਿੱਤੀਆਂ ਸਨ | ਹੁਣ ਬੈਂਕਾਂ 'ਚੋਂ ਲੋੜੀਂਦੀ ਨਕਦੀ ਨਾ ਮਿਲਣ ਕਾਰਨ ਕਿਸਾਨ ਉਧਾਰ ਮੋੜਨ ਵਿਚ ਸਫਲ ਨਹੀਂ ਹੋ ਰਹੇ ਹਨ, ਕਾਰਨ ਕਿਸਾਨੀ ਹਲਕਿਆਂ ਵਿਚ ਰੋਸ ਤੇ ਰੋਹ ਵਧਦਾ ਜਾ ਰਿਹਾ ਹੈ | ਕਈ ਏ.ਟੀ.ਐਮਜ਼ ਤਾਂ ਨਗਦੀ ਰਹਿਤ ਹੋਣ ਕਰਕੇ ਬੰਦ ਹੀ ਹੋ ਗਏ ਹਨ | ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ 5 ਰਾਜਾਂ ਵਿਚ ਹੁਣੇ ਸੰਪੰਨ ਹੋਈਆਂ ਚੋਣਾਂ ਕਾਰਨ ਪੈਦਾ ਹੋਈ ਹੈ | ਦੂਜਾ ਇਹ ਕਿ ਦੱਖਣੀ ਰਾਜਾਂ ਵਿਚ ਆਨਲਾਈਨ ਭੁਗਤਾਨ ਜ਼ਿਆਦਾ ਹੋਣ ਕਰਕੇ ਕਈ ਫ਼ਰਮਾਂ ਆਮਦਨ ਕਰ ਵਿਭਾਗ ਦੇ ਰਾਡਾਰ 'ਤੇ ਆ ਗਈਆਂ ਸਨ | ਇਸ ਸਮੱਸਿਆ 'ਚੋਂ ਨਿਕਲਣ ਲਈ ਉਨ੍ਹਾਂ ਨੇ ਹੁਣ ਆਨਲਾਈਨ ਭੁਗਤਾਨ ਦੀ ਥਾਂ ਨਗਦੀ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ | ਜਾਣਕਾਰਾਂ ਮੁਤਾਬਿਕ ਬੈਂਕਾਂ ਨੂੰ ਚੈਸਟ ਬ੍ਰਾਂਚਾਂ ਤੋਂ ਮੰਗ ਅਨੁਸਾਰ ਨਗਦੀ ਨਹੀਂ ਪ੍ਰਾਪਤ ਹੋ ਰਹੀ, ਦਾ ਸਿੱਧਾ ਅਸਰ ਬੈਂਕਾਂ ਦੇ ਖਪਤਕਾਰਾਂ 'ਤੇ ਪੈ ਰਿਹਾ ਹੈ | ਕੁਝ ਬੈਂਕਾਂ ਵਿਚ ਧਰਨੇ ਮੁਜ਼ਾਹਰੇ ਹੋਣ ਦੀਆਂ ਸੂਚਨਾਵਾਂ ਵੀ ਹਨ | ਬਠਿੰਡਾ ਦੇ ਆਦੇਸ਼ ਹਸਪਤਾਲ ਅਤੇ ਯੂਨੀਵਰਸਿਟੀ ਨੇੜਲਾ ਏ.ਟੀ.ਐਮ. ਜੋ ਕਿ ਮਰੀਜ਼ਾਂ ਅਤੇ ਵਾਰਸਾਂ ਦੀਆਂ ਨਗਦੀ ਸੰਬੰਧੀ ਜ਼ਰੂਰਤਾਂ ਕਾਰਨ ਕਾਫੀ ਮਹੱਤਵ ਪੂਰਨ ਸਮਝਿਆ ਜਾਂਦਾ ਹੈ, ਪਿਛਲੇ ਦਿਨਾਂ ਤੋਂ ਬੰਦ ਪਿਆ ਹੈ | ਤੁੰਗਵਾਲੀ ਵਿਖੇ ਇਕ ਸਰਕਾਰੀ ਬੈਂਕ ਅੱਗੇ ਕਿਸਾਨਾਂ ਨੇ ਅੱਜ ਨਾਅਰੇਬਾਜ਼ੀ ਕੀਤੀ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਬੂਟਾ ਸਿੰਘ ਤੁੰਗਵਾਲੀ ਨੇ ਕਿਹਾ ਕਿ ਬੈਂਕਾਂ ਵਿਚ ਨਗਦੀ ਦੀ ਕਮੀ ਕਾਰਨ ਕਿਸਾਨਾਂ ਨੂੰ ਖੱਜਲ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਬੈਂਕ ਦਾ ਏ.ਟੀ.ਐਮ. ਬਿਲਕੁਲ ਖ਼ਾਲੀ ਹੈ | ਜਦੋਂ ਕਿ ਬੈਂਕ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰੋਜ਼ਾਨਾ ਸਿਰਫ਼ 4/5 ਲੱਖ ਰੁਪਏ ਹੀ ਨਕਦੀ ਆਉਂਦੀ ਹੈ, ਜੋ ਕਿ ਥੋੜੀ-ਥੋੜੀ ਕਰਕੇ ਖਪਤਕਾਰਾਂ ਨੂੰ ਵੰਡ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾਅਵਾ ਕਰਦੀ ਹੈ ਕਿ ਫ਼ਸਲ ਵਿਕਣ ਸਾਰ ਕਿਸਾਨਾਂ ਦੇ ਖਾਤਿਆਂ ਵਿਚ ਪੈਸਾ ਆ ਜਾਣੇਗਾ | ਪੈਸਾ ਆਉਣ ਦਾ ਫ਼ਾਇਦਾ ਹੀ ਕੀ, ਜੇਕਰ ਨਕਦੀ ਕਢਵਾ ਕੇ ਦੇਣਦਾਰੀਆਂ ਹੀ ਨਹੀਂ ਦੇ ਸਕਦੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਪੈਸਾ ਉਧਾਰ ਫੜ ਕੇ ਬੈਂਕਾਂ ਦੀਆਂ ਲਿਮਟਾਂ ਭਰ ਦਿੱਤੀਆਂ ਸਨ, ਉਨ੍ਹਾਂ ਦੀ ਹਾਲਤ ਹੁਣ ਕਸੂਤੀ ਬਣ ਗਈ ਹੈ |