ਚਾਂਦਪੁਰਾ ਕੋਲ ਘੱਗਰ ਦਰਿਆ ’ਚ ਹਿਮਾਚਲ ਦੀਆਂ ਪਹਾੜੀਆਂ ਦੇ ਪਾਣੀ ਨੇ ਫਿਰ ਦਿੱਤੀ ਦਸਤਕ
ਬਰੇਟਾ, 27 ਅਗਸਤ (ਜੀਵਨ ਸ਼ਰਮਾ)- ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਚ ਹੋਈ ਬਾਰਿਸ਼ ਦੇ ਚੱਲਦਿਆਂ ਨਾਲ ਲੱਗਦੇ ਹਰਿਆਣੇ ਦੇ ਪਿੰਡ ਚਾਂਦਪੁਰਾ ਨੇੜਿਓ ਲੰਘਦੇ ਘੱਗਰ ਦਰਿਆ ’ਚ ਪਾਣੀ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਭਾਵੇਂ ਕਿ ਇਸ ਵਕਤ ਪਾਣੀ ਦਾ ਪੱਧਰ ਡੇਢ ਫੁੱਟ ਦੇ ਕਰੀਬ ਚੱਲ ਰਿਹਾ ਹੈ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ।
ਬਰੇਟਾ, 27 ਅਗਸਤ (ਜੀਵਨ ਸ਼ਰਮਾ)- ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਚ ਹੋਈ ਬਾਰਿਸ਼ ਦੇ ਚੱਲਦਿਆਂ ਨਾਲ ਲੱਗਦੇ ਹਰਿਆਣੇ ਦੇ ਪਿੰਡ ਚਾਂਦਪੁਰਾ ਨੇੜਿਓ ਲੰਘਦੇ ਘੱਗਰ ਦਰਿਆ ’ਚ ਪਾਣੀ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਭਾਵੇਂ ਕਿ ਇਸ ਵਕਤ ਪਾਣੀ ਦਾ ਪੱਧਰ ਡੇਢ ਫੁੱਟ ਦੇ ਕਰੀਬ ਚੱਲ ਰਿਹਾ ਹੈ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਜੇਕਰ ਹਿਮਾਚਲ ਪ੍ਰਦੇਸ਼ ’ਚ ਬਾਰਸ਼ ਦਾ ਦੌਰ ਜਾਰੀ ਰਿਹਾ ਤਾਂ ਅਗਲੇ ਦਿਨਾਂ ’ਚ ਪਾਣੀ ਦਾ ਪੱਧਰ ਹੋਰ ਵੀ ਵਧ ਸਕਦਾ ਹੈ। ਚਾਂਦਪੁਰਾ ਸਾਈਫ਼ਨ ਦੇ 21 ਦਰਵਾਜ਼ਿਆਂ ’ਚ ਪਾਣੀ ਤੇਜ਼ ਵਹਾਅ ਨਾਲ ਚੱਲ ਰਿਹਾ ਹੈ ਪਰ ਬਹੁਤੇ ਦਰਵਾਜ਼ਿਆਂ ’ਚ ਪਿੱਛੋਂ ਆਈ ਜਲ ਬੂਟੀ ਅਤੇ ਦਰਖਤਾਂ ਦੇ ਟਾਹਣੇ ਪਾਣੀ ਦੇ ਵਹਾਅ ’ ਚ ਰੁਕਾਵਟ ਪੈਦਾ ਕਰ ਰਹੇ ਹਨ। ਹਰ ਸਾਲ ਬਾਰਸ਼ਾਂ ਦੌਰਾਨ ਦਰਵਾਜ਼ਿਆਂ ਦੀ ਸਫ਼ਾਈ ਨੇੜਲੇ ਪਿੰਡਾਂ ਦੇ ਲੋਕ ਜਾਨ ਜੋਖ਼ਮ ’ਚ ਪਾ ਕੇ ਆਪ ਕਰਦੇ ਹਨ। ਸੂਬੇ ’ਚ ਮੀਂਹ ਘੱਟ ਪੈਣ ਕਾਰਨ ਇਸ ਵਾਰ ਘੱਗਰ ਤੋਂ ਕੋਈ ਖ਼ਤਰਾ ਨਹੀਂ ਜਾਪ ਰਿਹਾ, ਜਿਸ ਕਰ ਕੇ ਖੇਤਰ ਦੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ। ਚਾਂਦਪੁਰਾ ਬੰਨ੍ਹ ਪੂਰੀ ਤਰਾਂ ਸੁਰੱਖਿਅਤ ਖੇਤਰ ਨੂੰ ਘੱਗਰ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਬਣਾਇਆ ਗਿਆ 7 ਕਿੱਲੋਮੀਟਰ ਦਾ ਬੰਨ੍ਹ ਪੂਰੀ ਤਰਾਂ ਮਜ਼ਬੂਤ ਹੈ, ਜਿਸ ’ਤੇ ਚਹਿਲ-ਪਹਿਲ ਆਮ ਦੇਖੀ ਜਾ ਸਕਦੀ ਹੈ। ਖ਼ਾਸ ਕਰ ਕੇ ਜਿਸ ਥਾਂ ਤੋਂ 2023 ’ਚ ਬੰਨ੍ਹ ਟੁੱਟਣ ਕਾਰਨ ਖੇਤਰ ਦਾ ਵੱਡਾ ਨੁਕਸਾਨ ਕੀਤਾ ਸੀ ਉਸ ਥਾਂ ’ਤੇ ਪ੍ਰਸ਼ਾਸਨ ਵਲੋਂ ਖ਼ਾਸ ਧਿਆਨ ਰੱਖਿਆ ਗਿਆ ਹੈ। 2010 ’ਚ ਪਾਣੀ ਘੱਗਰ ਤੋਂ ਓਵਰ ਫਲੋ ਹੋ ਕੇ ਇਸ ਬੰਨ੍ਹ ਨਾਲ ਲੱਗ ਗਿਆ ਸੀ ਪਰ ਬੰਨ੍ਹ ਦੀ ਮਜ਼ਬੂਤੀ ਕਰ ਕੇ ਉਸ ਵਕਤ ਖੇਤਰ ਦਾ ਬਚਾਅ ਹੋ ਗਿਆ ਸੀ। 3 ਸਾਲ ਪਹਿਲਾਂ ਹੋਇਆ ਸੀ ਵੱਡਾ ਨੁਕਸਾਨ ਦੱਸਣਯੋਗ ਹੈ ਕਿ 3 ਸਾਲ ਪਹਿਲਾਂ ਬੰਨ੍ਹ ’ਚ ਪਾੜ ਪੈ ਜਾਣ ਕਰ ਕੇ ਖੇਤਰ ਦੇ ਕੁੱਲਰੀਆਂ, ਭਾਵਾ, ਚੱਕ ਅਲੀਸ਼ੇਰ, ਗੋਰਖਨਾਥ, ਰਿਉਂਦ ਆਦਿ ਪਿੰਡਾਂ ’ਚ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਸੀ। ਹਜ਼ਾਰਾਂ ਏਕੜ ਝੋਨੇ ਸਮੇਤ ਕਾਫ਼ੀ ਘਰ ਪਾਣੀ ਦੇ ਲਪੇਟ ’ਚ ਆ ਗਏ ਸਨ। ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਸੀ ਅਤੇ ਆਉਣ-ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲਿਆ ਗਿਆ ਸੀ। ਹਰ ਸਾਲ ਫ਼ੈਕਟਰੀਆਂ ਦੇ ਪਾਣੀ ਤੋਂ ਮਿਲਦਾ ਹੈ ਛੁਟਕਾਰਾ ਦੱਸਣਯੋਗ ਹੈ ਕਿ ਘੱਗਰ ’ਚ ਬਾਰਿਸ਼ਾਂ ਦੇ ਦਿਨਾਂ ਨੂੰ ਛੱਡ ਕੇ ਸਾਰਾ ਸਾਲ ਫ਼ੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਚੱਲਦਾ ਹੈ, ਜਿਸ ਕਰ ਕੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ’ਚ ਪਾਣੀ ਆਉਣ ਕਰ ਕੇ ਹੜ੍ਹਾਂ ਦਾ ਡਰ ਸਤਾਉਂਦਾ ਹੈ ਪਰ ਪ੍ਰਦੂਸ਼ਿਤ ਪਾਣੀ ਤੋਂ ਕੁਝ ਸਮੇਂ ਲਈ ਛੁਟਕਾਰਾ ਮਿਲ ਜਾਂਦਾ ਹੈ। ਨਹੀਂ ਹੋਇਆ ਕੋਈ ਸਥਾਈ ਹੱਲ ਸਾਲ 2010 ’ਚ ਘੱਗਰ ’ਚ ਆਏ ਹੜ੍ਹ ਦੌਰਾਨ ਕੇਂਦਰ ਦੀ 5 ਮੈਂਬਰੀ ਟੀਮ ਵਲੋਂ ਘੱਗਰ ਦੇ ਨੁਕਸਾਨ ਤੋਂ ਬਚਾਉਣ ਲਈ ਸਥਾਈ ਹੱਲ ਲਈ ਬੰਨ੍ਹ ਦਾ ਦੌਰਾ ਕੀਤਾ ਗਿਆ ਸੀ ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ ਜਦਕਿ ਹਰ ਸਾਲ ਮਾਨਸੂਨ ਦੇ ਦਿਨਾਂ ’ਚ ਖੇਤਰ ਦੇ ਲੋਕਾਂ ਨੂੰ ਘੱਗਰ ਦਾ ਡਰ ਸਤਾਉਂਦਾ ਰਹਿੰਦਾ ਹੈ।