ਬੀ.ਸੀ.ਐਲ. ਇੰਡਸਟਰੀਜ਼ ਅਕੈਡਮਿਕ ਬਲਾਕ ਦਾ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵਲੋਂ ਰਸਮੀ ਉਦਘਾਟਨ
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬੀ. ਸੀ.
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬੀ.ਸੀ. ਐਲ. ਇੰਡਸਟਰੀਜ਼ ਲਿਮਟਿਡ ਬਠਿੰਡਾ ਵਲੋਂ ਸਿੱਖਿਆ ਦੇ ਖੇਤਰ ’ਚ ਇਕ ਹੋਰ ਵੱਡਾ ਉਪਰਾਲਾ ਕਰਦੇ ਹੋਏ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਲੈਕਚਰ ਥੀਏਟਰ ਵਿਖੇ ਬੀ. ਸੀ. ਐਲ. ਇੰਡਸਟਰੀਜ਼ ਅਕੈਡਮਿਕ ਬਲਾਕ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਦਾ ਰਸਮੀ ਉਦਘਾਟਨ ਬੀ. ਸੀ. ਐਲ. ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵਲੋਂ ਕੀਤਾ ਗਿਆ। ਇਸ ਵਿਸ਼ੇਸ਼ ਅਕੈਡਮਿਕ ਬਲਾਕ ਅਧੀਨ ਵਿਦਿਆਰਥੀਆਂ ਦੀ ਸਹੂਲਤ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਚਾਰ ਨਵੇਂ ਕਲਾਸ ਰੂਮ ਤਿਆਰ ਕਰਵਾਕੇ ਦਿੱਤੇ ਗਏ ਹਨ। ਇਸ ਮੌਕੇ ਉਕਤ ਉਪਰਾਲੇ ਤੋਂ ਇਲਾਵਾ ਬੀ. ਸੀ. ਐਲ ਵਲੋਂ ਪਿਛਲੇ ਸਮੇਂ ’ਚ ਲੋੜਵੰਦ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਦਵਾਰਕਾ ਦਾਸ ਮਿੱਤਲ ਅਕਾਦਮਿਕ ਸਕਾਲਰਸ਼ਿਪ ਦੇ ਅਧੀਨ ਚੁਣੇ ਗਏ 25 ਵਿਦਿਆਰਥੀਆਂ ਨੂੰ 25 ਹਜ਼ਾਰ ਰੁਪਏ ਦੇ ਹਿਸਾਬ ਨਾਲ ਸਕਾਲਰਸ਼ਿਪ ਦੀ ਪਹਿਲੀ ਅਦਾਇਗੀ ਵੀ ਦਿੱਤੀ ਗਈ। ਇਸ ਮੌਕੇ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ, ਬੀ .ਸੀ. ਐਲ. ਤੋਂ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ, ਸੀ.ਈ.ਓ. ਵਰੁਣ ਗੁਪਤਾ ਤੋਂ ਇਲਾਵਾ ਯੂਨੀਵਰਸਿਟੀ ਦੇ ਰਾਜਿਸਟਰਾਰ ਪਰਮਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਬੀ. ਸੀ. ਐਲ. ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵਲੋਂ ਬੀ. ਸੀ. ਐਲ. ਇੰਡਸਟਰੀਜ਼ ਅਕੈਡਮਿਕ ਬਲਾਕ ਦਾ ਰਸਮੀ ਉਦਘਾਟਨ ਕਰਨ ਉਪਰੰਤ ਉਨ੍ਹਾਂ ਸੰਬੋਧਨ ਕਰਦੇ ਕਿਹਾ ਕਿ ਕੰਪਨੀ ਵਲੋਂ ਸਮੇਂ ਸਮੇਂ ’ਤੇ ਇਲਾਕੇ ’ਚ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ’ਚ ਆਪਣਾ ਪੂਰਾ ਬਣਦਾ ਯੋਗਦਾਨ ਪਾਇਆ ਜਾਂਦਾ ਰਿਹਾ ਹੈ। ਉਨ੍ਹਾਂ ਇਸ ਮੌਕੇ ਦਵਾਰਕਾ ਦਾਸ ਮਿੱਤਲ ਅਕਾਦਮਿਕ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ 25 ਵਿਦਿਆਰਥੀਆਂ ਨੂੰ ਵੀ ਸਕਾਲਰਸ਼ਿਪ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ। ਇਸ ਮੌਕੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀ.ਸੀ.ਐਲ. ਵਲੋਂ ਸਮੇਂ ਸਮੇਂ ’ਤੇ ਯੂਨੀਵਰਸਿਟੀ ਕੈਂਪਸ ’ਚ ਆਪਣਾ ਯੋਗਦਾਨ ਪਾਇਆ ਜਾਂਦਾ ਹੈ। ਪ੍ਰੋਗਰਾਮ ਦੇ ਅੰਤ ’ਚ ਯੂਨੀਵਰਸਿਟੀ ਦੀ ਤਰਫੋਂ ਐਮ. ਡੀ. ਰਾਜਿੰਦਰ ਮਿੱਤਲ, ਜੁਆਇੰਟ ਐਮ. ਡੀ. ਕੁਸ਼ਲ ਮਿੱਤਲ ਅਤੇ ਸੀ.ਈ.ਓ. ਵਰੁਣ ਗੁਪਤਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਉਪਰੰਤ ਯੂਨੀਵਰਸਿਟੀ ਦੇ ਡਾਇਰੈਕਟਰ ਹਰਜੋਤ ਸਿੰਘ ਸਿੱਧੂ, ਡਾ: ਅਮਿਤ ਭਾਟੀਆ, ਪ੍ਰੋਫੈਸਰ ਮਨਜੀਤ ਬਾਂਸਲ ਅਤੇ ਡਾ: ਪਰਮਜੀਤ ਸਿੰਘ ਭੁੱਲਰ ਵਲੋਂ ਵੀ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ।