ਝੁਨੀਰ ਪੁਲ ਦੀ ਖਸਤਾ ਹਾਲਤ ਕਾਰਨ ਭਾਖੜਾ ਨਹਿਰ ’ਚ ਡਿਗਿਆ ਟਰੱਕ, ਜਾਨੀ ਨੁਕਸਾਨ ਤੋਂ ਬਚਾਅ
ਝੁਨੀਰ, 26 ਨਵੰਬਰ (ਸੰਜੀਵ ਸਿੰਗਲਾ)- ਸਿਰਸਾ-ਮਾਨਸਾ ਮੁੱਖ ਸੜਕ ’ਤੇ ਕਸਬਾ ਝੁਨੀਰ ਵਿਖੇ ਭਾਖੜਾ ਨਹਿਰ ਉੱਪਰ ਬਣੇ ਪੁਲ ਤੋਂ ਬੀਤੀ ਰਾਤ ਟਰੱਕ ਨਹਿਰ ’ਚ ਡਿੱਗ ਗਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਝੁਨੀਰ, 26 ਨਵੰਬਰ (ਸੰਜੀਵ ਸਿੰਗਲਾ)- ਸਿਰਸਾ-ਮਾਨਸਾ ਮੁੱਖ ਸੜਕ ’ਤੇ ਕਸਬਾ ਝੁਨੀਰ ਵਿਖੇ ਭਾਖੜਾ ਨਹਿਰ ਉੱਪਰ ਬਣੇ ਪੁਲ ਤੋਂ ਬੀਤੀ ਰਾਤ ਟਰੱਕ ਨਹਿਰ ’ਚ ਡਿੱਗ ਗਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਨਹਿਰ ਵਿਚ ਪਾਣੀ ਦਾ ਵਹਾਅ ਘੱਟ ਹੋਣ ਕਾਰਨ ਟਰੱਕ ਚਾਲਕ ਅਤੇ ਹੋਰ ਕਿਸੇ ਜਾਨੀ ਨੁਕਸਾਨ ਤੋਂ ਬਚ ਗਏ। ਭਾਕਿਯੂ (ਉਗਰਾਹਾਂ) ਦੇ ਬਲਾਕ ਝੁਨੀਰ ਪ੍ਰਧਾਨ ਕੁਲਦੀਪ ਸਿੰਘ ਚਚੋਹਰ ਨੇ ਦੱਸਿਆ ਕਿ ਝੁਨੀਰ ਵਿਖੇ ਭਾਖੜਾ ਨਹਿਰ ਉੱਪਰ ਬਣੇ ਪੁਲ ਦੀਆਂ ਦੋਵੇਂ ਪਾਸੇ ਦੀਆਂ ਸਾਈਡਾਂ ਦੀ ਚਾਰਦੀਵਾਰੀ ਬਹੁਤ ਨਾਜ਼ੁਕ ਅਤੇ ਖਸਤਾ ਹਾਲਤ ’ਚ ਹੈ। ਪੁਲ ਉੱਪਰ ਕੋਈ ਸੁਰੱਖਿਆ ਜਾਂ ਚਿਤਾਵਨੀ ਬੋਰਡ ਵੀ ਨਹੀਂ ਲਗਾਇਆ ਗਿਆ, ਜਿਸ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਵਾਪਰਿਆ ਹਾਦਸਾ ਵੀ ਪੁਲ ਦੀ ਖਸਤਾ ਹਾਲਤ ਅਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਹੋਇਆ ਹੈ। ਇਸ ਸਬੰਧੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ’ਚ ਮਾਮਲਾ ਲਿਆਂਦਾ ਜਾ ਚੁੱਕਾ ਹੈ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਦੋਵੇਂ ਪਾਸੇ ਸੁਰੱਖਿਆ ਦੀਆਂ ਸਾਈਡਾਂ ਮਜ਼ਬੂਤ ਕੀਤੀਆਂ ਜਾਣ ਅਤੇ ਲੋੜੀਂਦੇ ਚਿਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।