ਨੂਰਪੁਰ ਬੇਦੀ, 31 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਭੋਲੇਵਾਲ ਦੇ ਵਸਨੀਕ ਠਾਕੁਰ ਦਾਸ ਨੂੰ ਜੰਗਲਾਤ ਵਿਭਾਗ ਵਿਚ ਤਨਦੇਹੀ, ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤੀ 'ਤੇ ਪਿੰਡ ਵਾਸੀਆਂ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਆਪ ਆਗੂ ਬਲਵੀਰ ਚੰਦ ਨੇ ਕਿਹਾ ਕਿ ਠਾਕੁਰ ਦਾਸ ਨੇ ਆਪਣੇ ਵਿਭਾਗੀ ਫ਼ਰਜ਼ ਬੜੀ ਸੁਚੱਜੀ ਯੋਜਨਾ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਏ ਹਨ | ਉਨ੍ਹਾਂ ਦੱਸਿਆ ਕਿ ਠਾਕੁਰ ਦਾਸ ਨਾ ਸਿਰਫ਼ ਆਪਣੀ ਸਰਕਾਰੀ ਡਿਊਟੀ ਵਿਚ ਖਰੇ ਉੱਤਰਦੇ ਰਹੇ ਹਨ, ਸਗੋਂ ਪਿੰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਹਰ ਵੇਲੇ ਅੱਗੇ ਰਹੇ ਹਨ | ਲੋਕਾਂ ਦੀਆਂ ਮੁਸ਼ਕਲਾਂ ਨੂੰ ਆਪਣੀਆਂ ਸਮਝ ਕੇ ਦਿਲੋਂ ਸਹਿਯੋਗ ਦੇਣਾ ਉਨ੍ਹਾਂ ਦੀ ਵਿਸ਼ੇਸ਼ ਪਹਿਚਾਣ ਹੈ | ਬਲਵੀਰ ਚੰਦ ਨੇ ਅੱਗੇ ਕਿਹਾ ਕਿ ਅਜਿਹੇ ਦਿ੍ੜ੍ਹ ਅਤੇ ਇਮਾਨਦਾਰ ਕਰਮਚਾਰੀ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੇ ਹਨ | ਠਾਕੁਰ ਦਾਸ ਨੇ ਆਪਣੀ ਹੁਣ ਤੱਕ ਦੀ ਜ਼ਿੰਦਗੀ ਵਿਚ ਸਚਾਈ ਅਤੇ ਇਮਾਨਦਾਰੀ ਦੇ ਰਸਤੇ 'ਤੇ ਚੱਲਦਿਆਂ ਨੌਜਵਾਨ ਪੀੜ੍ਹੀ ਲਈ ਮਿਸਾਲ ਕਾਇਮ ਕੀਤੀ ਹੈ | ਸਨਮਾਨ ਸਮਾਰੋਹ ਦੌਰਾਨ ਸਰਪੰਚ ਕਮਲੇਸ਼ ਰਾਣੀ, ਸੁਰਜੀਤ ਸਿੰਘ, ਗਿਆਨ ਚੰਦ, ਮੱਖਣ ਸਿੰਘ, ਜੈ ਚੰਦ, ਕਿਸ਼ਨ ਕੁਮਾਰ, ਨੰਬਰਦਾਰ ਬਚਿੱਤਰ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਰਹੇ | ਹਾਜ਼ਰੀਨ ਨੇ ਠਾਕੁਰ ਦਾਸ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |