ਮੋਰਿੰਡਾ, 31 ਦਸੰਬਰ (ਤਰਲੋਚਨ ਸਿੰਘ ਕੰਗ)-ਕਿਸੇ ਵੀ ਸ਼ਹਿਰ ਦੀ ਖ਼ੂਬਸੂਰਤੀ ਉਸਦੇ ਵਧੀਆ ਸੀਵਰੇਜ ਸਿਸਟਮ, ਵਾਟਰ ਸਿਸਟਮ ਅਤੇ ਸਫ਼ਾਈ ਪ੍ਰਬੰਧਾਂ 'ਤੇ ਨਿਰਭਰ ਕਰਦੀ ਹੈ | ਪ੍ਰੰਤੂ ਮੋਰਿੰਡਾ ਸ਼ਹਿਰ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਜਦੋਂ ਤੋਂ ਸੀਵਰੇਜ ਸਿਸਟਮ ਪੈਣਾ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸ਼ਹਿਰ ਵਾਸੀਆਂ ਲਈ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ | ਅਗਰ ਸੀਵਰੇਜ ਸਿਸਟਮ ਦੀ ਹਾਲਤ ਨੂੰ ਬਾਰੀਕੀ ਨਾਲ ਵੇਖਿਆ ਜਾਵੇ ਤਾਂ ਇਹ ਤੱਥ ਸਾਹਮਣੇ ਆਏ ਹਨ, ਕਿ ਸ਼ਹਿਰ ਵਿਚ ਸੀਵਰੇਜ ਸਿਸਟਮ ਦੀ ਢਲਾਣ ਗ਼ਲਤ ਪਾਸੇ ਬਣੀ ਹੋਈ ਹੈ | ਇਹੀ ਕਾਰਨ ਹੈ ਕਿ ਮੋਰਿੰਡਾ ਸ਼ਹਿਰ ਦੇ ਸੀਵਰੇਜ ਸਿਸਟਮ 'ਤੇ ਵੱਖੋ-ਵੱਖਰੀਆਂ ਸਰਕਾਰਾਂ ਦਾ 100 ਕਰੋੜ ਤੋਂ ਵੀ ਜ਼ਿਆਦਾ ਖਰਚਾ ਹੋਇਆ ਹੈ, ਫਿਰ ਵੀ ਸੀਵਰੇਜ ਸਿਸਟਮ ਦਰੁਸਤ ਨਹੀਂ ਹੋ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਿਰਮਲ ਧੀਮਾਨ, ਡਾ. ਗੁਰਪ੍ਰੀਤ ਸਿੰਘ ਮਾਵੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਬਲਬੀਰ ਸਿੰਘ ਸੱਲ੍ਹ, ਜਗਪਾਲ ਸਿੰਘ ਕੰਗ, ਜਗਦੀਸ਼ ਕੁਮਾਰ ਦੀਸ਼ਾ ਅਤੇ ਵਿਨੇ ਕੁਮਾਰ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਦੇ ਸੀਵਰੇਜ ਸਿਸਟਮ ਦਾ ਕੋਈ ਪਤਾ ਨਹੀਂ ਕਿ ਇਹ ਕਦੋਂ ਤੇ ਕਿੱਥੋਂ ਲੀਕ ਹੋ ਜਾਵੇ | ਅਜਿਹਾ ਹੀ ਮੋਰਿੰਡਾ ਦੀ ਪੁਰਾਣੀ ਬਸੀ ਰੋਡ 'ਤੇ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਗੰਦੇ ਨਾਲੇ ਵਿਚੋਂ ਓਵਰ ਫਲੋਅ ਹੋ ਕੇ ਗੰਦਾ ਪਾਣੀ ਸੜਕ ਤੇ ਖੜ੍ਹਾ ਹੈ | ਰਾਮਬਾਗ ਰੋਡ ਤੇ ਵੀ ਦੋ ਅਜਿਹੇ ਮੈਨਹੋਲ ਹਨ, ਜੋ ਹਮੇਸ਼ਾ ਓਵਰਫ਼ਲੋ ਰਹਿੰਦੇ ਹਨ ਤੇ ਗਲੀਆਂ ਵਿਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ | ਲੀਕ ਹੋਏ ਗੰਦੇ ਪਾਣੀ ਕਾਰਨ ਲੌਕ ਟਾਈਲ ਲਗਾ ਕੇ ਬਣਾਈਆਂ ਸੜਕਾਂ ਵੀ ਖ਼ਰਾਬ ਹੋ ਗਈਆਂ ਹਨ | ਜਦੋਂ ਕੋਈ ਨਗਰ ਕੌਂਸਲ ਵਾਲਿਆਂ ਨੂੰ ਸ਼ਿਕਾਇਤ ਕਰਦਾ ਹੈ ਤਾਂ ਉਹ ਕਹਿੰਦੇ ਹਨ, ਕਿ ਇਹ ਕੰਮ ਸੀਵਰੇਜ ਵਿਭਾਗ ਦਾ ਹੈ, ਜਦਕਿ ਸੀਵਰੇਜ ਵਿਭਾਗ ਵਾਲੇ ਆਪਣੀ ਜ਼ਿੰਮੇਵਾਰੀ ਤੋਂ ਹਮੇਸ਼ਾ ਹੀ ਭੱਜਦੇ ਆਏ ਹਨ | ਇਸੇ ਸਬੰਧ ਵਿਚ ਇਲਾਕੇ ਦੇ ਭਾਕਿਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਦਾ ਕਹਿਣਾ ਹੈ ਕਿ ਚਾਰ ਸਾਲ ਪਹਿਲਾਂ ਸਾਡੇ ਵਿਧਾਇਕ ਮੋਰਿੰਡਾ ਦੇ ਸੀਵਰੇਜ ਸਿਸਟਮ ਨੂੰ ਬਿਲਕੁਲ ਠੀਕ ਕਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੇ ਸਨ | ਪ੍ਰੰਤੂ ਇਹ ਸਾਰੇ ਦਾਅਵੇ ਹਵਾ 'ਚ ਹੀ ਰਹਿ ਗਏ | ਇੱਥੋਂ ਤੱਕ ਜਦੋਂ ਲੋਕਾਂ ਨੇ ਸੀਵਰੇਜ ਦੀਆਂ ਬਹੁਤ ਸ਼ਿਕਾਇਤਾਂ ਕੀਤੀਆਂ ਤਾਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅਚਾਨਕ ਮੋਰਿੰਡਾ ਦੇ ਸੀਵਰੇਜ ਤੇ ਸਫ਼ਾਈ ਪ੍ਰਬੰਧਾਂ ਦੀ ਪੜਤਾਲ ਕੀਤੀ ਸੀ, ਜਿਸ ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਜੇ.ਈ. ਤੇ ਇੱਕ ਸੈਨੇਟਰੀ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਸ਼ਹਿਰ ਵਾਸੀਆਂ ਨਾਲ ਵਾਅਦਾ ਵੀ ਕੀਤਾ ਕਿ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਇਸ ਗੰਭੀਰ ਸਮੱਸਿਆ ਦਾ ਹੱਲ ਕਢਵਾ ਦੇਣਗੇ | ਪ੍ਰੰਤੂ ਪੰਜ ਮਹੀਨੇ ਦੇ ਕਰੀਬ ਸਮਾਂ ਬੀਤ ਚੁੱਕਿਆ ਹੈ, ਸ਼ਹਿਰ ਦੇ ਵਿਕਾਸ ਦੀਆਂ ਗੱਲਾਂ ਤਾਂ ਇੱਕ ਪਾਸੇ ਰਹੀਆਂ, ਸੀਵਰੇਜ ਤੇ ਸਫ਼ਾਈ ਪ੍ਰਬੰਧਾਂ ਦਾ ਪਹਿਲਾਂ ਨਾਲੋਂ ਵੀ ਮਾੜਾ ਹਾਲ ਹੋ ਗਿਆ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਪਾਏ ਹੋਏ ਸੀਵਰੇਜ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਜੋ ਰੋਜ਼ਾਨਾ ਸ਼ਹਿਰ ਵਾਸੀਆਂ ਨੂੰ ਆ ਰਹੀ ਸੀਵਰੇਜ ਦੀ ਗੰਭੀਰ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ |