ਨੂਰਪੁਰ ਬੇਦੀ, 2 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਬਾੜੀਆਂ ਦੀ ਧਰਤੀ ਅੱਜ ਮਾਣ, ਭਾਵੁਕਤਾ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਗੂੰਜ ਉਠੀ, ਜਦੋਂ ਪਿੰਡ ਦੇ ਵਸਨੀਕ ਸੂਬੇਦਾਰ ਅਰਜਨ ਸਿੰਘ ਭਾਰਤੀ ਫ਼ੌਜ ਦੀ 18 ਸਿੱਖ ਰੈਜੀਮੈਂਟ ਤੋਂ ਸੇਵਾ ਮੁਕਤ ਹੋ ਕੇ ਆਪਣੇ ਪਿੰਡ ਪਹੁੰਚੇ | ਇਸ ਦੌਰਾਨ ਉਨਾਂ ਘਰ ਦੀ ਡਿਉੜੀ 'ਤੇ ਕਦਮ ਰੱਖਣ ਤੋਂ ਪਹਿਲਾਂ ਉਨ੍ਹਾਂ ਨੇ ਫ਼ਰਜ਼, ਸਨਮਾਨ ਅਤੇ ਕੁਰਬਾਨੀ ਨੂੰ ਪਹਿਲ ਦਿੰਦਿਆਂ ਪਿੰਡ 'ਚ ਬਣੇ ਕਾਰਗਿਲ ਸ਼ਹੀਦ ਨਿਰੰਜਣ ਸਿੰਘ ਯਾਦਗਾਰੀ ਗੇਟ 'ਤੇ ਪਹੁੰਚ ਕੇ ਸ਼ਹੀਦ ਦੀ ਤਸਵੀਰ 'ਤੇ ਫੁੱਲ ਮਲਾਵਾਂ ਭੇਟ ਕਰਦਿਆਂ ਭਾਵ ਪੂਰਨ ਸ਼ਰਧਾਂਜਲੀ ਦਿੱਤੀ ਤੇ ਸੈਲਿਊਟ ਕੀਤਾ | ਇਹ ਪਲ ਸਿਰਫ਼ ਯਾਦਾਂ ਦਾ ਨਹੀਂ, ਸਗੋਂ ਉਸ ਵਿਰਾਸਤ ਦਾ ਪ੍ਰਤੀਕ ਸੀ, ਜੋ ਸੈਨਿਕ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਂਦੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਸੂਬੇਦਾਰ ਅਰਜਨ ਸਿੰਘ ਨੇ ਕਿਹਾ ਕਿ ਜਦੋਂ ਉਹ ਫੌਜ ਵਿਚ ਭਰਤੀ ਹੋਏ ਸਨ, ਉਸ ਸਮੇਂ ਸ਼ਹੀਦ ਨਿਰੰਜਣ ਸਿੰਘ ਪਹਿਲਾਂ ਹੀ ਸੈਨਾ ਵਿਚ ਉਨ੍ਹਾਂ ਦੇ ਸੀਨੀਅਰ ਵਜੋਂ ਤੈਨਾਤ ਸਨ | ਉਨ੍ਹਾਂ ਦੇ ਸਾਥ ਤੋਂ ਉਨ੍ਹਾਂ ਨੂੰ ਅਨੁਸ਼ਾਸਨ, ਹੌਸਲੇ ਤੇ ਦੇਸ਼ਭਗਤੀ ਦੇ ਪਾਠ ਮਿਲੇ | ਉਨ੍ਹਾਂ ਕਿਹਾ ਕਿ ਸ਼ਹੀਦ ਨਿਰੰਜਨ ਸਿੰਘ ਸਿਰਫ਼ ਦੇਸ਼ ਦਾ ਹੀ ਨਹੀਂ, ਸਗੋਂ ਪਿੰਡ ਦਾ ਵੀ ਵੱਡਾ ਮਾਣ ਹਨ, ਜਿਨ੍ਹਾਂ ਨੇ ਕਾਰਗਿਲ ਯੁੱਧ ਦੌਰਾਨ ਅਦੁੱਤੀ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਆਪਣੀ ਜਾਨ ਕੁਰਬਾਨ ਕੀਤੀ | ਅੰਤ ਵਿਚ ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਅਤੇ ਦੇਸ਼ ਦੇ ਸ਼ਹੀਦਾਂ ਦਾ ਸਦਾ ਸਤਿਕਾਰ ਕੀਤਾ ਜਾਵੇ, ਕਿਉਂਕਿ ਇਨ੍ਹਾਂ ਕੁਰਬਾਨੀਆਂ 'ਤੇ ਹੀ ਦੇਸ਼ ਦੀ ਅਸਲੀ ਨੀਂਹ ਟਿਕੀ ਹੋਈ ਹੈ | ਇਸ ਮੌਕੇ ਆਨਰੇਰੀ ਲੈਫ਼ਟੀਨੈਂਟ ਮਲਕੀਅਤ ਸਿੰਘ, ਸੂਬੇਦਾਰ ਮੇਜਰ ਬਲਵੰਤ ਸਿੰਘ, ਸੂਬੇਦਾਰ ਦਿਲਾਵਰ ਸਿੰਘ, ਸੂਬੇਦਾਰ ਮੇਜਰ ਹਰਬੰਸ ਸਿੰਘ, ਸੂਬੇਦਾਰ ਹਰਦਿਆਲ ਸਿੰਘ, ਹਵਲਦਾਰ ਇਕਬਾਲ ਸਿੰਘ, ਹਵਲਦਾਰ ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਨੰ. ਰਾਮ ਸਿੰਘ, ਸਰਪੰਚ ਨਛੱਤਰ ਕੌਰ, ਹਰਦਿਆਲ ਸਿੰਘ ਪੰਚ, ਜਗਤਾਰ ਸਿੰਘ ਪੰਚ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |