ਸੁਖਸਾਲ, 3 ਜਨਵਰੀ (ਧਰਮ ਪਾਲ)-ਇਲਾਕਾ ਸੰਘਰਸ਼ ਕਮੇਟੀ ਦੇ ਸਰਗਰਮ ਮੈਂਬਰਾਂ ਦੀ ਮੀਟਿੰਗ ਅੱਜ ਪ੍ਰਧਾਨ ਹਰਦੇਵ ਸਿੰਘ ਐਲਗਰਾਂ ਦੀ ਪ੍ਰਧਾਨਗੀ ਹੇਠ ਪਿੰਡ ਭਲਾਣ ਵਿਖੇ ਟਿੱਕਾ ਯਸਵੀਰ ਚੰਦ ਦੇ ਗ੍ਰਹਿ ਵਿਖੇ ਹੋਈ | ਇਸ ਮੌਕੇ ਹਾਜ਼ਰ ਮੈਂਬਰ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਲਾਕੇ ਵਿਚ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਵੱਧਦੀ ਜਾ ਰਹੀ ਹੈ | ਇਸ ਦੇ ਨਾਲ ਹੀ ਨੰਗਲ ਟਰਾਂਸਪੋਰਟ ਸੁਸਾਇਟੀ ਨੂੰ ਭੰਗ ਕੀਤੇ ਜਾਣ ਤੇ ਟਰੱਕ ਮਾਲਕਾਂ ਦੇ ਹੋਣ ਵਾਲੇ ਨੁਕਸਾਨ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਤੇ ਹਾਜ਼ਰ ਆਗੂਆਂ ਨੇ ਦੱਸਿਆ ਕਿ ਇਲਾਕੇ ਵਿਚ ਦਿਨ ਰਾਤ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਗੈਰ ਕਾਨੂੰਨੀ ਮਾਈਨਿੰਗ ਕਰ ਰਿਹਾ ਹੈ | ਪੁਲਿਸ ਪ੍ਰਸ਼ਾਸਨ ਦਾ ਕੋਈ ਖੌਫ ਮਾਈਨਿੰਗ ਮਾਫੀਆ ਤੇ ਨਹੀਂ ਹੈ | ਆਗੂਆਂ ਨੇ ਕਿਹਾ ਕਿ ਜੇਕਰ ਸਤਲੁਜ ਦਰਿਆ ਸਵਾਂ ਨਦੀ ਲਗਾਤਾਰ ਪੱਟੀ ਗਈ ਤਾਂ ਇਲਾਕੇ ਦੇ ਕਈ ਦਰਜਨਾਂ ਪਿੰਡਾਂ ਦੀ ਹੋਂਦ ਨੂੰ ਖਤਰਾ ਹੋ ਜਾਵੇਗਾ | ਕਿਉਂਕਿ ਮਾਈਨਿੰਗ 100 ਫੁੱਟ ਤੋਂ ਵੀ ਡੂੰਘੀ ਕੀਤੀ ਜਾ ਰਹੀ ਹੈ | ਜਿਸ ਦੇ ਕਾਰਨ ਪੈ ਰਹੇ ਪਾੜ ਕਾਰਨ ਲਗਾਤਾਰ ਪਿੰਡ ਉਜੜ ਰਹੇ ਹਨ | ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਪਰ ਸਤਾ ਤੇ ਕਾਬਜ਼ ਹੁੰਦਿਆਂ ਹੀ ਮੰਤਰੀ ਦੀ ਸ਼ਹਿ ਤੇ ਨੰਗਲ ਦੀ ਟਰਾਂਸਪੋਰਟ ਸੋਸਾਇਟੀ ਭੰਗ ਕਰ ਦਿੱਤੀ ਗਈ | ਜਿਸ ਦਾ ਟਰੱਕ ਮਾਲਕਾਂ ਨੇ ਭਾਵੇਂ ਮਾਣਯੋਗ ਹਾਈਕੋਰਟ ਵਿਚ ਸਟੇਅ ਲਿਆ ਹੋਇਆ ਹੈ ਪਰ ਖਤਰੇ ਦੇ ਬੱਦਲ ਟਰੱਕ ਮਾਲਕਾਂ ਤੇ ਮੰਡਰਾ ਰਹੇ ਹਨ, ਕਿਉਂਕਿ ਮਾਨਯੋਗ ਕੋਰਟਾਂ ਕੋਈ ਵੀ ਫੈਸਲਾ ਦੇ ਸਕਦੀਆਂ ਹਨ | ਉਨਾਂ ਕਿਹਾ ਕਿ ਮੰਤਰੀ ਨੇ ਇਲਾਕੇ ਦਾ ਭਲਾ ਤਾਂ ਕੀ ਕਰਨਾ ਸੀ ਸਗੋਂ ਟਰੱਕ ਮਾਲਕਾਂ ਦਾ ਰੁਜ਼ਗਾਰ ਖੋਹਣ ਲਈ ਫੈਕਟਰੀਆਂ ਨਾਲ ਗੰਢ ਤੁਪ ਕਰ ਰੱਖੀ ਹੈ | ਜਿਸ ਦੇ ਖਿਲਾਫ ਆਗੂਆਂ ਨੇ ਇਲਾਕੇ ਦੇ ਸੂਝਵਾਨ ਸਮੁੱਚੇ ਪੰਜਾਬ ਦੇ ਮਾਈਨਿੰਗ ਖਿਲਾਫ ਲੜਨ ਵਾਲੇ ਲੋਕਾਂ ਨੂੰ ਸੱਦਾ ਦਿੱਤਾ ਕਿ 8 ਜਨਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਰਤਵਾੜਾ ਸਾਹਿਬ ਬੇਲਾ ਵਿਖੇ ਵੱਡੀ ਗਿਣਤੀ 'ਚ 11 ਵਜੇ ਪੁੱਜਣ ਤੇ ਇਲਾਕੇ ਨੂੰ ਬਚਾਉਣ ਵਾਲੇ ਇਹ ਦੋ ਮੁੱਦਿਆਂ ਤੇ ਮੁੱਖ ਤੌਰ 'ਤੇ ਲੜਾਈ ਲੜੀ ਜਾਵੇਗੀ | ਇਸ ਮੌਕੇ ਟਿੱਕਾ ਯਸਵੀਰ ਚੰਦ ਭਲਾਣ, ਕਾਮਰੇਡ ਸੁਰਜੀਤ ਸਿੰਘ ਢੇਰ, ਸਾ. ਸਰਪੰਚ ਰਘਬੀਰ ਸਿੰਘ ਬੇਲਾ, ਸੂਬੇਦਾਰ ਕੁਲਵੰਤ ਸਿੰਘ, ਗਿਆਨੀ ਜਸਵਿੰਦਰ ਸਿੰਘ, ਹਰਜੀਤ ਸਿੰਘ ਵਿਰਕ, ਸੁਰਿੰਦਰ ਸਿੰਘ ਛਿੰਦਾ, ਗਿਆਨੀ ਕੇਸਰ ਸਿੰਘ, ਗੁਰਦੇਵ ਸਿੰਘ ਸੈਂਸੋਵਾਲ, ਕੁਲਦੀਪ ਸਿੰਘ ਬੇਲਾ ਵੀ ਹਾਜ਼ਰ ਸਨ |