ਰੂਪਨਗਰ, ਪੁਰਖਾਲੀ, 4 ਜਨਵਰੀ (ਸਤਨਾਮ ਸਿੰਘ ਸੱਤੀ, ਅੰਮਿ੍ਤ ਪਾਲ ਸਿੰਘ ਬੰਟੀ)-ਸਾਹਿਬ-ਏ-ਕਮਾਲ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 21ਵਾਂ ਸਰਬ ਸਾਂਝਾ ਮਹਾਨ ਨਗਰ ਕੀਰਤਨ ਅੱਜ ਖ਼ਾਲਸਾ ਪ੍ਰਚਾਰ ਕਮੇਟੀ ਕੋਟਲਾ ਨਿਹੰਗ ਅਤੇ ਸਮੂਹ ਇਲਾਕਾ ਘਾੜ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤਾ ਗਿਆ | ਇਹ ਨਗਰ ਕੀਰਤਨ ਸ਼ਾਮ ਨੂੰ ਤਪ ਅਸਥਾਨ ਗੁਰਦੁਆਰਾ ਬੀਬੀ ਮੁਮਤਾਜ਼ ਜੀ ਬੜੀ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ | ਨਗਰ ਕੀਰਤਨ ਦੀ ਆਰੰਭਤਾ ਮੌਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਕਥਾਵਾਚਕ ਗਿਆਨੀ ਪਵਿੱਤਰ ਸਿੰਘ ਵਲੋਂ ਅਰਦਾਸ ਕੀਤੀ ਗਈ | ਭਾਰੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤਾਂ ਟਰੈਕਟਰ-ਟਰਾਲੀਆਂ 'ਚ ਸਵਾਰ ਹੋ ਕੇ ਅਤੇ ਪੈਦਲ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ | ਟਰੈਕਟਰ ਟਰਾਲੀਆਂ 'ਤੇ ਸਵਾਰ ਵੱਖ-ਵੱਖ ਸ਼ਬਦੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ Tਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾU ਅਤੇ Tਬੋਲੇ ਸੋ ਨਿਹਾਲU ਦੇ ਜੈਕਾਰਿਆਂ ਨਾਲ ਇਲਾਕਾ ਗੂੰਜ ਉੱਠਿਆ | ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਦੇ ਨੌਜਵਾਨਾਂ ਵਲੋਂ ਗਤਕਾ ਬਾਜ਼ੀ ਦੇ ਜੰਗਜੂ ਜੌਹਰ ਵਿਖਾਏ ਗਏ, ਜਿਸ ਨਾਲ ਸੰਗਤਾਂ ਨਿਹਾਲ ਹੋ ਗਈਆਂ | ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਚਾਹ-ਪਕੌੜੇ, ਖੀਰ, ਗੰਨੇ ਦਾ ਰਸ ਅਤੇ ਹੋਰ ਲੰਗਰ ਲਗਾਏ ਗਏ | ਨਗਰ ਕੀਰਤਨ ਦਾ ਪਿੰਡ ਟੱਪਰੀਆਂ ਕੋਟਲਾ, ਫੂਲਪੁਰ ਗਰੇਵਾਲ, ਮਾਜਰੀ ਜੱਟਾਂ, ਅਕਬਰਪੁਰ, ਮਗਰੋੜ ਅਤੇ ਗੁਰਦੁਆਰਾ ਧੰਨ ਧੰਨ ਬਾਬਾ ਅਮਰਨਾਥ ਜੀ ਵਿਖੇ ਭਰਵਾਂ ਸਵਾਗਤ ਕੀਤਾ ਗਿਆ, ਜਿੱਥੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਨਗਰ ਕੀਰਤਨ ਪਿੰਡ ਸੈਫਲਪੁਰ, ਭੱਦਲ, ਰਾਮਪੁਰ ਅਤੇ ਪੁਰਖਾਲੀ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਗੁਰਦੁਆਰਾ ਬੀਬੀ ਮੁਮਤਾਜ਼ ਜੀ ਬੜੀ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ | ਇਸ ਮੌਕੇ ਗੁਰਦੁਆਰਾ ਬੀਬੀ ਮੁਮਤਾਜ਼ ਜੀ ਬੜੀ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਗੁਰਪ੍ਰੀਤ ਸਿੰਘ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਪਾਏ ਗਏ | ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਘੁੰਗਰਾਲੀ , ਦਵਿੰਦਰ ਸਿੰਘ ਬਾਜਵਾ ਪ੍ਰਧਾਨ ਬਾਬਾ ਗਾਜੀ ਦਾਸ ਕਲੱਬ ਰੋਡ ਮਾਜਰਾ ਚੱਕਲਾ, ਖ਼ਾਲਸਾ ਪ੍ਰਚਾਰ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਦੀਪੀ, ਭਾਈ ਤਰਲੋਚਨ ਸਿੰਘ, ਭਾਈ ਇਕਬਾਲ ਸਿੰਘ, ਲਖਬੀਰ ਸਿੰਘ, ਸੱਜਣ ਸਿੰਘ, ਬਲਵਿੰਦਰ ਸਿੰਘ, ਭਾਈ ਜਰਨੈਲ ਸਿੰਘ ਮਗਰੋੜ, ਸਾਧੂ ਸਿੰਘ, ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਸੋਨੂ, ਸਰਪੰਚ ਬਲਵਿੰਦਰ ਕੌਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਬੀਬੀ ਦਲਜੀਤ ਕੌਰ, ਲਖਬੀਰ ਸਿੰਘ ਲੱਖਾ, ਪੰਚ ਐਡਵੋਕੇਟ ਵਰਿੰਦਰ ਸਿੰਘ, ਅਮਰਜੀਤ ਸਿੰਘ ਲਾਡੀ, ਪੱਤਰਕਾਰ ਸਰਬਜੀਤ ਸਿੰਘ, ਕੁਲਵੰਤ ਸਿੰਘ, ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |