ਨੂਰਪੁਰ ਬੇਦੀ, 23 ਜਨਵਰੀ (ਵਿੰਦਰਪਾਲ ਝਾਂਡੀਆਂ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 26 ਜਨਵਰੀ ਨੂੰ ਕੱਢੇ ਜਾ ਰਹੇ ਵਿਸ਼ਾਲ ਟਰੈਕਟਰ ਮਾਰਚ ਦੀ ਤਿਆਰੀ ਸਬੰਧੀ ਅੱਜ ਕਿਰਤੀ ਕਿਸਾਨ ਮੋਰਚਾ ਪੰਜਾਬ ਦੀ ਪ੍ਰਧਾਨ ਵੀਰ ਸਿੰਘ ਬੜਵਾ ਦੀ ਅਗਵਾਈ 'ਚ ਇੱਕ ਅਹਿਮ ਮੀਟਿੰਗ ਪਿੰਡ ਮੁੰਨੇ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਈ | ਮੀਟਿੰਗ ਦੌਰਾਨ ਟਰੈਕਟਰ ਮਾਰਚ ਦੀ ਰੂਪ-ਰੇਖਾ, ਰੂਟ ਅਤੇ ਕਿਸਾਨਾਂ ਦੀ ਸ਼ਮੂਲੀਅਤ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਉਨਾਂ ਦੱਸਿਆ ਇਹ ਟਰੈਕਟਰ ਮਾਰਚ ਬਿਜਲੀ ਬਿੱਲ, ਬੀਜ ਬਿੱਲ, ਲੇਬਰ ਕੋਡ ਤੇ ਨਵੇਂ ਬਣੇ ਮਨਰੇਗਾ ਕਾਨੂੰਨ ਸਮੇਤ ਹੋਰਨਾਂ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕੱਢਿਆ ਜਾ ਰਿਹਾ ਹੈ | ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਵਲੋਂ ਕਿਸਾਨਾਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਅਤੇ ਬੀਜ ਬਿੱਲ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਬਣਾਏ ਗਏ ਹਨ, ਜਿਸ ਨਾਲ ਕਿਸਾਨ ਹੋਰ ਕਰਜ਼ੇ ਦੇ ਜਾਲ 'ਚ ਫਸੇਗਾ | ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ 'ਚ ਤਬਦੀਲੀਆਂ ਕਰਕੇ ਗ਼ਰੀਬ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪ੍ਰਧਾਨ ਬੜਵਾ ਨੇ ਕਿਹਾ ਕਿ 26 ਜਨਵਰੀ ਦਾ ਟਰੈਕਟਰ ਮਾਰਚ ਕਿਸਾਨੀ ਸੰਘਰਸ਼ ਨੂੰ ਨਵੀਂ ਦਿਸ਼ਾ ਦੇਵੇਗਾ ਅਤੇ ਸਰਕਾਰ ਨੂੰ ਕਿਸਾਨਾਂ ਦੀ ਆਵਾਜ਼ ਸੁਣਨ ਲਈ ਮਜਬੂਰ ਕਰੇਗਾ | ਉਨ੍ਹਾਂ ਸਮੂਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਉਕਤ ਮਾਰਚ 'ਚ ਵਧ ਚੜ੍ਹਦੇ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ 'ਤੇ ਦਿਆਲ ਸਿੰਘ ਬੜਵਾ ਅਮਰਜੀਤ ਸਿੰਘ ਬੈਂਸ, ਅਵਤਾਰ ਸਿੰਘ, ਕੇਵਲ ਸਿੰਘ ਬਾਹਮਣਮਾਜਰਾ, ਮਾਸਟਰ ਰਾਮਪਾਲ ਅਸਾਲਤਪੁਰ, ਗਿਰਧਾਰੀ ਲਾਲ ਅਸਾਲਤਪੁਰ, ਬਲਵੀਰ ਸਿੰਘ ਮੁੰਨੇ, ਜਰਨੈਲ ਸਿੰਘ ਮੁੰਨੇ, ਮੰਗਲ ਸਿੰਘ ਮੀਰਪੁਰ, ਮੇਜਰ ਸਿੰਘ ਅਸਮਾਨਪੁਰ, ਮੋਹਨ ਸਿੰਘ ਅਸਮਾਨਪੁਰ ਤੇ ਗੋਗਾ ਸ਼ਾਹਪੁਰ ਬੇਲਾ ਆਦਿ ਹਾਜ਼ਰ ਸਨ |