ਸ੍ਰੀ ਚਮਕੌਰ ਸਾਹਿਬ, 24 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਮੋਰਚੇ ਵਲੋ ਪਿੰਡ ਧੌਲਰਾਂ ਵਿਖੇ ਲੱਗਣ ਜਾ ਰਹੀ ਪੇਪਰ ਮਿਲ ਦੇ ਪ੍ਰਬੰਧਕਾਂ ਵਲੋ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਨੂੰ ਮਿਟਾਉਣ ਅਤੇ ਇਸ ਪਵਿੱਤਰ ਧਰਤੀ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਖ਼ਿਲਾਫ਼ ਕਿਰਤ ਭਵਨ ਫੇਸ-2 ਮੋਹਾਲੀ ਵਿਖੇ ਡਾਇਰੈਕਟਰ ਫ਼ੈਕਟਰੀਜ ਦੇ ਦਫ਼ਤਰ ਵਿਚ ਫ਼ੈਕਟਰੀ ਮਾਲਕਾਂ/ ਪ੍ਰਬੰਧਕਾਂ ਵਲੋ ਤੱਥਾਂ ਨੂੰ ਛੁਪਾ ਕੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਗੁਮਰਾਹ ਕਰਕੇ ਹਾਸਲ ਕੀਤੀਆਂ ਐਨ. ਓ. ਸੀ. ਖ਼ਿਲਾਫ਼ ਪੇਸ਼ ਹੋ ਕੇ ਸਹੀ ਤਸਵੀਰ ਅਤੇ ਅਸਲ ਤੱਥ ਪੇਸ਼ ਕਰਨ ਉਪਰੰਤ ਰੱਦ ਕਰਵਾਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂਆਂ ਖੁਸ਼ਇੰਦਰ ਸਿੰਘ ਬਾਬਾ ਸ੍ਰੀ ਜੰਡ ਸਾਹਿਬ, ਜੁਝਾਰ ਸਿੰਘ ਗਧਰਾਮ ਅਤੇ ਲਖਵੀਰ ਸਿੰਘ ਲੱਖੀ ਹਾਫਿਜ਼ਾਬਾਦ ਨੇ ਦੱਸਿਆ ਕਿ ਅਸ਼ੋਕ ਕੁਮਾਰ ਗੁਪਤਾ ਡਾਇਰੈਕਟਰ ਫੈਕਟਰੀਜ ਦੇ ਦਫ਼ਤਰ ਵਿਚ ਰੂਚਿਕਾ ਫ਼ੈਕਟਰੀ ਸਬੰਧੀ ਪ੍ਰੈਜੈਂਟੇਸ਼ਨ ਸੀ, ਜਿਸ ਵਿਚ ਫ਼ੈਕਟਰੀ ਦੇ ਪ੍ਰਬੰਧਕਾਂ ਤੋਂ ਬਿਨਾਂ ਵੱਖ-ਵੱਖ ਵਿਭਾਗਾਂ , ਹੈਲਥ, ਸਿੰਚਾਈ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਰੈਵੀਨਿਊ ਡਿਪਾਰਟਮੈਂਟ ਫ਼ੈਕਟਰੀਜ ਡਿਪਾਰਟਮੈਂਟ, ਪਬਲਿਕ ਰਿਲੇਸ਼ਨ ਸਮੇਤ ਹੋਰ ਵੀ ਵੱਖ ਵੱਖ ਵਿਭਾਗਾਂ ਦੇ ਡੇਢ ਦਰਜਨ ਦੇ ਕਰੀਬ ਅਧਿਕਾਰੀ ਹਾਜ਼ਰ ਸਨ | ਉਨ੍ਹਾ ਦੱਸਿਆ ਕਿ ਇਸ ਪ੍ਰੈਜੈਂਟੇਸ਼ਨ ਸਬੰਧੀ ਚਾਰ ਦਿਨ ਪਹਿਲਾਂ ਉਨ੍ਹਾਂ ਨੂੰ ਪਤਾ ਚੱਲਿਆ ਸੀ, ਜਿਸ ਵਿਚ ਆਪਣਾ ਪੱਖ ਰੱਖਣ ਲਈ ਉਨ੍ਹਾਂ ਵਲੋਂ ਡਾਇਰੈਕਟਰ ਫ਼ੈਕਟਰੀ ਨੂੰ ਲਿਖਤੀ ਰੂਪ ਵਿਚ ਬੇਨਤੀ ਕੀਤੀ ਗਈ ਸੀ, ਜਿਸ ਨੂੰ ਡਾਇਰੈਕਟਰ ਵਲੋਂ ਪ੍ਰਵਾਨ ਕਰਨ ਉਪਰੰਤ ਉਪਰੋਕਤ ਸਾਰੇ ਅਧਿਕਾਰੀਆਂ 'ਤੇ ਫ਼ੈਕਟਰੀ ਦੇ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਮੋਰਚੇ ਵਲੋਂ ਅੱਠ ਪੰਨਿਆਂ ਦੀ ਤੱਥਾਂ ਸਮੇਤ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਫ਼ੈਕਟਰੀ ਦੇ ਪ੍ਰਬੰਧਕਾਂ ਵਲੋਂ ਫ਼ੈਕਟਰੀ ਦੀ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਸਟੱਡੀ ਰਿਪੋਰਟ ਵਿਚ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਨੂੰ ਖ਼ਤਮ ਕਰਨ, ਇਲਾਕੇ ਦੇ ਵਾਤਾਵਰਨ ਨੂੰ ਵਿਗਾੜਨ ਸਬੰਧੀ ਪੇਸ਼ ਕੀਤੇ ਅਤੇ ਛੁਪਾਏ ਗਏ ਤੱਥਾਂ ਨੂੰ ਗ਼ਲਤ ਸਾਬਤ ਕੀਤਾ ਗਿਆ ਅਤੇ ਇਹ ਵੀ ਧਿਆਨ ਵਿਚ ਲਿਆਂਦਾ ਗਿਆ ਕਿ ਫ਼ੈਕਟਰੀ ਦੇ ਪ੍ਰਬੰਧਕਾਂ ਵਲੋਂ ਗ਼ਲਤ ਤੱਥਾਂ ਦੇ ਆਧਾਰ ਤੇ ਹਾਸਲ ਕੀਤੀਆਂ ਐਨ. ਓ. ਸੀ. ਕੈਂਸਲ ਹੋ ਗਈਆਂ ਹਨ | ਜਿਨ੍ਹਾਂ ਦੇ ਆਧਾਰ 'ਤੇ ਇਹ ਫ਼ੈਕਟਰੀ ਲਗਾਉਣ ਦੀਆਂ ਤਿਆਰੀਆਂ ਕਰ ਰਹੇ ਸਨ | ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਡਾਇਰੈਕਟਰ ਫ਼ੈਕਟਰੀ ਵਲੋਂ ਮੀਟਿੰਗ ਵਿਚ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਮੋਰਚੇ ਦੀ ਟੀਮ ਵਲੋਂ ਪੇਸ਼ ਕੀਤੀ ਪ੍ਰੈਜੈਂਟੇਸ਼ਨ ਨੰੂ ਆਪਣੇ ਰਿਕਾਰਡ ਦਾ ਹਿੱਸਾ ਬਣਾਉਣ ਅਤੇ ਇਸ ਨੂੰ ਪੜ੍ਹ ਕੇ ਆਪਣੇ ਕਮੈਂਟਸ ਤੇ ਰਿਮਾਰਕਸ ਦੇਣ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ | ਇਸ ਮੌਕੇ ਤੇ ਮੋਰਚੇ ਦੇ ਆਗੂਆਂ ਨੇ ਡਾਇਰੈਕਟਰ ਫ਼ੈਕਟਰੀ ਤੇ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਲੋਕ ਆਪਣੇ ਗੁਰਧਾਮਾਂ, ਇਤਿਹਾਸ, ਪਾਣੀ, ਵਾਤਾਵਰਨ ਅਤੇ ਆਪਣੀਆਂ ਫ਼ਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਇਸ ਫ਼ੈਕਟਰੀ ਨੂੰ ਕਦੇ ਵੀ ਲੱਗਣ ਨਹੀਂ ਦੇਣਗੇ ਇਸ ਮੌਕੇ ਤੇ ਡਾਇਰੈਕਟਰ ਫ਼ੈਕਟਰੀ ਵਲੋਂ ਮੋਰਚੇ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਸਰਕਾਰ ਵਲੋਂ ਕੋਈ ਫ਼ੈਸਲਾ ਲਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਮੋਰਚੇ ਦੇ ਆਗੂਆਂ ਨੂੰ ਇਸ ਫ਼ੈਕਟਰੀ ਸਬੰਧੀ ਹੋਣ ਵਾਲੀਆਂ ਮੀਟਿੰਗਾਂ ਵਿਚ ਸ਼ਾਮਲ ਕੀਤਾ ਜਾਵੇਗਾ | ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰੋ: ਰਮਨ ਧਾਰਨੀ, ਜਸਪ੍ਰੀਤ ਸਿੰਘ ਗਧਰਾਮ, ਅਮਨਿੰਦਰ ਸਿੰਘ ਭੰਗੂ, ਗੁਰਜੰਟ ਸਿੰਘ ਮਹਿਤੋਤ, ਦਵਿੰਦਰ ਸਿੰਘ ਰਾਮਗੜ੍ਹ, ਮਨਵੀਰ ਸਿੰਘ ਰਾਮਗੜ੍ਹ ਆਦਿ ਵੀ ਹਾਜ਼ਰ ਸਨ |