ਨੰਗਲ, 30 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਇੱਥੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ, ਭਾਰਤੀ ਕਮਿਊਨਿਸਟ ਪਾਰਟੀ ਦੀ ਸਾਂਝੀ ਮੀਟਿੰਗ ਕਰਕੇ ਇਹ ਫ਼ੈਸਲਾ ਕੀਤਾ ਗਿਆ ਕਿ ਨੰਗਲ ਤਹਿਸੀਲ ਵਿਚ ਆਮ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ ਲੋਕਾਂ ਦੇ ਕੰਮਾਂ ਪ੍ਰਤੀ ਵੀ ਕਾਫ਼ੀ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ, ਜਿਸ ਤੇ ਚੱਲਦਿਆਂ 3 ਫਰਵਰੀ ਨੂੰ ਨੰਗਲ ਤਹਿਸੀਲ ਕੰਪਲੈਕਸ ਮੂਹਰੇ ਧਰਨਾ ਮਾਰਨ ਦਾ ਫ਼ੈਸਲਾ ਕੀਤਾ ਗਿਆ | ਪੈੱ੍ਰਸ ਨੂੰ ਜਾਰੀ ਬਿਆਨ ਵਿਚ ਕਾਮਰੇਡ ਸੁਰਜੀਤ ਸਿੰਘ ਢੇਰ, ਦਵਿੰਦਰ ਨੰਗਲੀ, ਸੁਸ਼ੀਲ ਕੁਮਾਰ, ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਭਾਵੇਂ ਪੰਜਾਬ ਸਰਕਾਰ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਵਾਅਦੇ ਕਰ ਰਹੀ ਹੈ, ਪਰ ਨੰਗਲ ਤਹਿਸੀਲ ਵਿਚ ਸਾਰੀਆਂ ਹੱਦਾਂ ਪਾਰ ਹੋ ਗਈਆਂ ਹਨ | ਲੋਕਾਂ ਨੂੰ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਜਾਂ ਵਿਰਾਸਤ ਦੇ ਇੰਤਕਾਲ ਕਰਵਾਉਣ ਸਬੰਧੀ ਜਾਂ ਹੋਰ ਜ਼ਮੀਨ ਦੀ ਦਰੁਸਤੀ ਕਰਵਾਉਣ ਸਬੰਧੀ ਕੰਮ ਕਰਵਾਉਣ ਲਈ ਰਿਸ਼ਵਤ ਦੇਣੀ ਪੈ ਰਹੀ ਹੈ, ਜਿਸ ਕਰਕੇ ਪਾਰਟੀਆਂ ਨੇ ਇਹ ਫ਼ੈਸਲਾ ਕੀਤਾ ਕਿ ਸਾਂਝੇ ਤੌਰ 'ਤੇ ਧਰਨਾ ਮਾਰ ਕੇ ਪ੍ਰਸ਼ਾਸਨ ਨੂੰ ਜਗਾਇਆ ਜਾਵੇਗਾ ਤੇ ਇਹ ਭਿ੍ਸ਼ਟਾਚਾਰ ਨੂੰ ਬੰਦ ਕਰਵਾਉਣ ਲਈ ਆਖ਼ਰੀ ਦਮ ਤੱਕ ਲੜਾਈ ਲੜੀ ਜਾਵੇਗੀ | ਆਗੂਆਂ ਨੇ ਦੱਸਿਆ ਕਿ 3 ਫਰਵਰੀ ਦਾ ਧਰਨਾ ਇੱਕ ਚਿਤਾਵਨੀ ਦੇ ਤੌਰ 'ਤੇ ਹੋਵੇਗਾ | ਕਮਿਊਨਿਸਟ ਆਗੂਆਂ ਨੇ ਇਲਾਕੇ ਦੇ ਸੂਝਵਾਨ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅੰਨ੍ਹੀ ਲੁੱਟ ਬੰਦ ਕਰਵਾਉਣ ਲਈ ਤਿੰਨ ਫਰਵਰੀ ਨੂੰ 11 ਵਜੇ ਤਹਿਸੀਲ ਕੰਪਲੈਕਸ ਮੂਹਰੇ ਪੁੱਜਣ |