ਰੂਪਨਗਰ, 31 ਜਨਵਰੀ (ਸਤਨਾਮ ਸਿੰਘ ਸੱਤੀ)-ਬਾਬਾ ਗਾਜੀ ਦਾਸ ਕਲੱਬ ਰੋਡ ਮਾਜਰਾ ਚੱਕਲਾਂ, ਜ਼ਿਲ੍ਹਾ ਰੂਪਨਗਰ ਨੂੰ ਇਸ ਮਹੀਨੇ ਵਿਚ ਉਸ ਸਮੇਂ ਦੂਜਾ ਵੱਡਾ ਸਦਮਾ ਲੱਗਿਆ, ਜਦੋਂ ਕਲੱਬ ਦੇ ਸਰਗਰਮ ਮੈਂਬਰ ਅਤੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਲੋਹਾਰੀ (55) ਦੀ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ | ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲੋਹਾਰੀ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਰਪੰਚ ਕੁਲਵੰਤ ਸਿੰਘ ਤਿ੍ਪੜੀ ਦੀ ਮੌਤ ਨਾਲ ਕਲੱਬ ਨੂੰ ਭਾਰੀ ਸਦਮਾ ਪੁੱਜਿਆ ਸੀ | ਉਸੇ ਦਿਨ ਸੁਰਿੰਦਰ ਸਿੰਘ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ | ਇਲਾਜ ਦੌਰਾਨ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ | ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਤਿ੍ਪੜੀ ਅਤੇ ਸੁਰਿੰਦਰ ਸਿੰਘ ਲੋਹਾਰੀ ਕਲੱਬ ਦੇ ਬਹੁਤ ਹੀ ਸਰਗਰਮ ਅਤੇ ਮੋਹਰੀ ਮੈਂਬਰ ਸਨ | ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕਲੱਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸੁਰਿੰਦਰ ਸਿੰਘ ਲੋਹਾਰੀ ਆਪਣੇ ਪਿੱਛੇ ਦੋ ਧੀਆਂ, ਇੱਕ ਪੁੱਤਰ, ਧਰਮ-ਪਤਨੀ ਅਤੇ ਪਰਿਵਾਰ ਛੱਡ ਗਏ ਹਨ | ਉਨ੍ਹਾਂ ਦੀ ਮੌਤ ਕਾਰਨ ਪਰਿਵਾਰ ਸਮੇਤ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ | ਇਨ੍ਹਾਂ ਦੁਖਦਾਈ ਘਟਨਾਵਾਂ ਦੇ ਮੱਦੇਨਜ਼ਰ ਫਰਵਰੀ ਮਹੀਨੇ ਹੋਣ ਵਾਲਾ ਕਲੱਬ ਦਾ ਸਲਾਨਾ ਕੌਮਾਂਤਰੀ ਖੇਡ ਮੇਲਾ ਰੱਦ ਕਰ ਦਿੱਤਾ ਗਿਆ ਹੈ | ਅੰਤਿਮ ਸੰਸਕਾਰ ਮੌਕੇ ਪਰਮਜੀਤ ਸਿੰਘ ਲੱਖੇਵਾਲ, ਮੋਹਨਜੀਤ ਸਿੰਘ ਕਮਾਲਪੁਰ, ਹਰਮੋਨ ਸਿੰਘ ਸੰਧੂ, ਨਰਿੰਦਰ ਸਿੰਘ ਮਾਵੀ, ਮੋਹਰ ਸਿੰਘ ਖਾਬੜਾ, ਸਰਬਜੀਤ ਸਿੰਘ ਚੈੜੀਆਂ, ਨਵਜੀਤ ਸਿੰਘ ਨਵੀ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ , ਨਰੇਸ਼ ਕੁਮਾਰ, ਗੁਰਵਿੰਦਰ ਸਿੰਘ ਚੈੜੀਆਂ, ਹਰਪ੍ਰੀਤ ਸਿੰਘ ਬਸੰਤ, ਬਬਲਾ ਸਰਪੰਚ ਗੋਸਲਾ, ਬੱਬੂ ਕਲਾਲ ਮਾਜਰਾ, ਅਮਰਾਓ ਸਿੰਘ ਨੰਬਰਦਾਰ, ਜਸਵੰਤ ਸਿੰਘ ਸਰਪੰਚ ਅਧਰੇੜਾ, ਰੁਪਿੰਦਰ ਸਿੰਘ ਰਾਜੂ, ਮੇਹਰ ਸਿੰਘ ਲੌਂਗੀਆ, ਬਿੱਟੂ ਬਾਜਵਾ, ਜੈ ਸਿੰਘ ਚੱਕਲ, ਬਲਵਿੰਦਰ ਸਿੰਘ ਚੱਕਲਾਂ, ਮਲਕੀਤ ਸਿੰਘ ਭਾਗੋ ਮਾਜਰਾ, ਦਵਿੰਦਰ ਸਿੰਘ ਸਰਪੰਚ ਲੋਹਾਰੀ, ਬੰਟੀ ਸੀਹੋਂ ਮਾਜਰਾ, ਸਤਨਾਮ ਸਿੰਘ ਚੁਪਕੀ, ਸੁਰਿੰਦਰ ਕੁਮਾਰ ਬਿੰਦਰ, ਸਤਵਿੰਦਰ ਸਿੰਘ, ਜੈਪਾਲ ਸਿੰਘ ਅਤੇ ਅਜਮੇਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਪਿੰਡ ਵਾਸੀ ਹਾਜ਼ਰ ਸਨ | ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਾਬਾ ਗਾਜੀ ਦਾਸ ਕਲੱਬ ਵਲੋਂ ਕਰਵਾਏ ਜਾਂਦੇ ਕੌਮਾਂਤਰੀ ਖੇਡ ਮੇਲੇ, ਖੂਨਦਾਨ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਸਮਾਗਮਾਂ ਵਿਚ ਦੋਹਾਂ ਆਗੂਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜੋ ਹਮੇਸ਼ਾ ਯਾਦ ਰਹੇਗਾ |