ਮੋਰਿੰਡਾ, 3 ਫਰਵਰੀ (ਪਿ੍ਤਪਾਲ ਸਿੰਘ)-ਮੋਰਿੰਡਾ ਕੁਰਾਲੀ ਰੋਡ ਤੇ ਪਿੰਡ ਢੰਗਰਾਲੀ ਨੇੜੇ ਸਥਿਤ ਇਕ ਪੈਟਰੋਲ ਪੰਪ ਨੇੜੇ ਤੋਂ ਲੁਟੇਰੇ ਟਰੈਕਟਰ ਖੋਹ ਕੇ ਫ਼ਰਾਰ ਹੋ ਗਏ ਅਤੇ ਟਰੈਕਟਰ ਚਾਲਕ ਨੂੰ ਬੇਹੋਸ਼ੀ ਦੀ ਹਾਲਤ ਵਿਚ ਕੁਰਾਲੀ ਰੂਪਨਗਰ ਸੜਕ 'ਤੇ ਸੁੱਟ ਗਏ | ਇਸ ਸਬੰਧੀ ਮੋਰਿੰਡਾ ਸਦਰ ਪੁਲਿਸ ਨੂੰ ਲਿਖਵਾਏ ਬਿਆਨ ਵਿਚ ਸੁਦਾਮ ਹੁਸੈਨ ਪੁੱਤਰ ਗੁਲਰਾਜ ਮੁਹੰਮਦ ਨਿਵਾਸੀ ਸ਼ੀਤਲਪੁਰ, ਥਾਣਾ ਬੱਦੀ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸਨੇ ਸਤੰਬਰ 2025 ਵਿਚ ਨਵਾਂ ਸਵਰਾਜ ਮਾਜਦਾ 855 ਟਰੈਕਟਰ ਖਰੀਦਿਆ ਸੀ, ਜਿਸ ਰਾਹੀਂ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਠੇਕੇਦਾਰਾਂ ਵਲੋਂ ਖਰੀਦੀ ਹੋਈ ਝੋਨੇ ਦੀ ਪਰਾਲੀ ਨੂੰ ਕਿਰਾਏ ਪਰ ਲੈ ਕੇ ਬਰੋਟੀਵਾਲਾ, ਨੇੜੇ ਬੱਦੀ ਵਿਚ ਸਥਿਤ ਗੱਤੇ ਦੀ ਫੈਕਟਰੀ ਵਿਚ ਲੈ ਕੇ ਜਾਂਦਾ ਹੈ | 31 ਜਨਵਰੀ ਨੂੰ ਸਵੇਰੇ ਜਦੋ ਉਹ ਠੇਕੇਦਾਰ ਖੁਸ਼ੀ ਵਾਸੀ ਪਿੰਡ ਢੰਗਰਾਲੀ, ਥਾਣਾ ਸਦਰ ਮੋਰਿੰਡਾ ਦੀ ਪਰਾਲੀ, ਪਿੰਡ ਲੁਠੇੜੀ ਤੋਂ ਗੱਤਾ ਫੈਕਟਰੀ ਤੱਕ ਲਿਜਾਣ ਲਈ ਆਇਆ ਸੀ ਅਤੇ ਜਦੋਂ ਉਹ ਕੁਰਾਲੀ ਮੋਰਿੰਡਾ ਸੜਕ ਤੇ ਸਥਿਤ ਭਾਰਤ ਪੈਟਰੋਲੀਅਮ ਦੇ ਪੰਪ ਨੇੜੇ ਪੁੱਜਾ ਤਾਂ ਉਸਦੇ ਪਿੱਛੋਂ ਆਈ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਇਕਦਮ ਉਸਦੇ ਟਰੈਕਟਰ ਅੱਗੇ ਆ ਕੇ ਰੁਕ ਗਈ, ਜਿਸ ਕਾਰਨ ਉਸ ਨੂੰ ਵੀ ਆਪਣਾ ਟਰੈਕਟਰ ਰੋਕਣਾ ਪਿਆ ਤਾਂ ਕਾਰ ਸਵਾਰ ਨੌਜਵਾਨਾਂ ਨੇ ਉਸ ਨੂੰ ਟਰੈਕਟਰ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ, ਪਰ ਜਦੋਂ ਉਸਨੇ ਟਰੈਕਟਰ ਦੇਣ ਤੋਂ ਮਨਾ ਕਰ ਦਿੱਤਾ ਤਾਂ ਇਹ ਨੌਜਵਾਨ ਪਿਸਤੌਲ ਨੁਮਾ ਮਾਰੂ ਹਥਿਆਰਾਂ ਨਾਲ ਉਸ ਨੂੰ ਡਰਾਉਣ ਧਮਕਾਉਣ ਲੱਗ ਪਏ ਤੇ ਜ਼ਬਰਦਸਤੀ ਟਰੈਕਟਰ ਖੋਹ ਕੇ ਮੋਰਿੰਡਾ ਸ਼ਹਿਰ ਵੱਲ ਲੈ ਗਏ ਜਦਕਿ ਕਾਰ ਸਵਾਰ ਦੋ ਨੌਜਵਾਨ ਉਸ ਨੂੰ ਧੱਕੇ ਨਾਲ ਕਾਰ ਵਿਚ ਸੁੱਟ ਕੇ ਅਗਵਾ ਕਰਕੇ ਆਪਣੇ ਨਾਲ ਮੋਰਿੰਡਾ ਵੱਲ ਲੈ ਗਏ | ਉਸ ਨੇ ਸਾਰੀ ਗੱਲਬਾਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਜਿਸ 'ਤੇ ਰਿਸ਼ਤੇਦਾਰ ਉਸ ਕੋਲ ਪਹੁੰਚੇ ਅਤੇ ਉਨ੍ਹਾਂ ਨੇ ਟਰੈਕਟਰ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਉਨ੍ਹਾਂ ਨੂੰ ਟਰੈਕਟਰ ਅਤੇ ਦੋਸ਼ੀਆਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ | ਥਾਣਾ ਸਦਰ ਪੁਲਸ ਮੋਰਿੰਡਾ ਦੇ ਇੰਚਾਰਜ ਸਿਮਰਜੀਤ ਸਿੰਘ ਨੇ ਦੱਸਿਆ ਕਿ ਸਦਾਮ ਹੁਸੈਨ ਦੇ ਬਿਆਨ ਦੇ ਅਧਾਰ 'ਤੇ ਪੰਜ ਅਣਪਛਾਤੇ ਨੌਜਵਾਨਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |