ਸੰਤੋਖਗੜ੍ਹ/ਸੁਖਸਾਲ, 4 ਫਰਵਰੀ (ਧਰਮ ਪਾਲ)-ਰਾਧਾ ਕਿ੍ਸ਼ਨ ਮੰਦਰ ਕੋਟਲਾ ਕਲਾਂ ਊਨਾ ਵਿਖੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਦੀ ਅਗਵਾਈ ਹੇਠ ਚੱਲ ਰਹੇ ਸਲਾਨਾ ਸਮਾਗਮ ਵਿਚ ਅੱਜ ਉਪ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ, ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਅਤੇ ਕੁਟਲੈਹੜ ਦੇ ਵਿਧਾਇਕ ਵਿਵੇਕ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਵਿਸ਼ਾਲ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ | ਇਸ ਮੌਕੇ ਉਨ੍ਹਾਂ ਸ਼ਰਧਾ ਨਾਲ ਭਗਵਾਨ ਸ੍ਰੀ ਰਾਧਾ-ਕਿ੍ਸ਼ਨ ਦੀ ਪਵਿੱਤਰ ਪਾਲਕੀ ਚੁੱਕੀ ਤੇ ਪਰਿਕਰਮਾ ਪੂਰੀ ਕਰਦੇ ਹੋਏ ਵਿਸ਼ਾਲ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ | ਇਸ ਮੌਕੇ ਉਪ ਮੁੱਖ ਮੰਤਰੀ ਨੇ ਸਾਰੇ ਸ਼ਰਧਾਲੂਆਂ ਨੂੰ ਸਲਾਨਾ ਸਮਾਗਮ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਉਨ੍ਹਾਂ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮਹਾਨ ਸੰਤ ਸਮਾਜ ਨੂੰ ਸਕਾਰਾਤਮਿਕ ਦਿਸ਼ਾ ਪ੍ਰਦਾਨ ਕਰਨ ਵਾਲੇ ਮਾਰਗ ਦਰਸ਼ਕ ਹਨ ਤੇ ਉਨ੍ਹਾਂ ਦੀ ਮੌਜੂਦਗੀ ਸਮਾਜਿਕ ਸਦਭਾਵਨਾ ਤੇ ਅਧਿਆਤਮਿਕ ਚੇਤਨਾ ਨੂੰ ਮਜ਼ਬੂਤ ਕਰਦੀ ਹੈ | ਇਸ ਮੌਕੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨਾ ਸਿਰਫ਼ ਸਭਿਆਚਾਰਕ ਚੇਤਨਾ ਨੂੰ ਮਜ਼ਬੂਤ ਕਰਦੇ ਹਨ ਬਲਕਿ ਸਮਾਜ ਵਿਚ ਆਪਸੀ ਸਦਭਾਵਨਾ ਤੇ ਸਮਾਜਿਕ ਏਕਤਾ ਨੂੰ ਵੀ ਉਤਸ਼ਾਹਿਤ ਕਰਦੇ ਹਨ | ਇਸ ਮੌਕੇ ਭਜਨ ਸਮਰਾਟ ਸੰਤ ਚਿੱਤਰ-ਵਿਚਾਰ ਮਹਾਰਾਜ ਦੇ ਭਗਤੀ ਭਰੇ ਭਜਨਾਂ ਦੁਆਰਾ ਉਤਸ਼ਾਹਿਤ ਮਾਹੌਲ ਅਧਿਆਤਮਿਕ ਊਰਜਾ ਨਾਲ ਭਰਿਆ ਹੋਇਆ ਸੀ | ਦੱਸਣਯੋਗ ਹੈ ਕਿ ਹਰ ਸਾਲ 1 ਫਰਵਰੀ ਤੋਂ 12 ਫਰਵਰੀ ਤੱਕ ਸ਼੍ਰੀ ਰਾਧਾ ਕਿ੍ਸ਼ਨ ਮੰਦਰ ਕੋਟਲਾ ਕਲਾਂ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਹੁੰਦਾ ਹੈ | ਇਸ ਮੌਕੇ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕੁਲਦੀਪ ਕੁਮਾਰ, ਕਮਿਸ਼ਨ ਮੈਂਬਰ ਵਿਜੇ ਡੋਗਰਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇਸ਼ਰਾਜ ਗੌਤਮ, ਡਿਪਟੀ ਕਮਿਸ਼ਨਰ ਜਤਿਨ ਲਾਲ, ਪੁਲਿਸ ਸੁਪਰਡੈਂਟ ਅਮਿਤ ਯਾਦਵ, ਵਧੀਕ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁੱਜਰ ਤੇ ਹੋਰ ਮੌਜੂਦ ਸਨ |